ਘੱਟ ਰੇਟ ’ਤੇ ਸ਼ਰਾਬ ਦੇਣ ਤੋਂ ਮਨ੍ਹਾ ਕਰਨ ’ਤੇ ਠੇਕੇ ਦੇ ਕਰਿੰਦੇ ਦੀ ਕੁੱਟ-ਮਾਰ, ਮੌਤ

11/29/2020 2:09:50 AM

ਭਵਾਨੀਗੜ੍ਹ,(ਵਿਕਾਸ, ਸੰਜੀਵ, ਜ.ਬ.)- ਬੀਤੀ ਦੇਰ ਰਾਤ ਪਿੰਡ ਨਦਾਮਪੁਰ ਵਿਖੇ ਕੁਲਬੁਰਛਾਂ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਲੈਣ ਆਏ ਸਕੂਟਰੀ ਸਵਾਰ ਦੋ ਅਣਪਛਾਤੇ ਵਿਅਕਤੀ ਠੇਕੇ ਦੇ ਕਰਿੰਦੇ ਅਤੇ ਠੇਕੇ ਦੇ ਗੁਆਂਢੀ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਫਰਾਰ ਹੋ ਗਏ। ਕੁੱਟ-ਮਾਰ ’ਚ ਗੰਭੀਰ ਜ਼ਖਮੀ ਹੋਏ ਠੇਕੇ ਦੇ ਕਰਿੰਦੇ ਰਾਜੂ ਲਾਲ ਪੁੱਤਰ ਰਮੇਸ਼ ਸ਼ੁਕਲਾ ਵਾਸੀ ਉੱਤਰ ਪ੍ਰਦੇਸ਼ ਦੀ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਜਦੋਂਕਿ ਗੁਆਂਢੀ ਦੁਕਾਨਦਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉੱਧਰ , ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਭਵਾਨੀਗੜ੍ਹ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਠੇਕੇ ਦੇ ਨਾਲ ਦੁਕਾਨ ਕਰਦੇ ਜਸਵੀਰ ਸਿੰਘ ਨੇ ਦੱਸਣ ਮੁਤਾਬਕ ਸ਼ੁੱਕਰਵਾਰ ਸਾਢੇ ਕੁ 9 ਵਜੇ ਦੇ ਕਰੀਬ ਚਿੱਟੀ ਸਕੂਟਰੀ ’ਤੇ ਸਵਾਰ ਹੋ ਕੇ ਠੇਕੇ ’ਤੇ ਸ਼ਰਾਬ ਲੈਣ ਆਏ ਦੋ ਵਿਅਕਤੀ ਕਰਿੰਦੇ ਰਾਜੂ ਲਾਲ ਨੂੰ ਸ਼ਰਾਬ ਲਈ 500 ਰੁਪਏ ਦੇ ਕੇ ਪੰਜ ਬੋਤਲਾਂ ਲੈਣ ਦੀ ਜ਼ਿੱਦ ’ਤੇ ਅੜ ਗਏ। ਕਰਿੰਦੇ ਵੱਲੋਂ ਮਨ੍ਹਾ ਕਰਨ ’ਤੇ ਉਕਤ ਵਿਅਕਤੀ ਭੜਕ ਉੱਠੇ ਜਿਸ ਤੋਂ ਬਾਅਦ ਉਨ੍ਹਾਂ ਨੇ ਠੇਕਾ ਦੇ ਕਰਿੰਦੇ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਜਸਵੀਰ ਨੇ ਦੱਸਿਆ ਕਿ ਬਚਾਅ ਕਰਨ ਦੌਰਾਨ ਉਕਤ ਦੋਵੇਂ ਵਿਅਕਤੀਆਂ ਨੇ ਉਸ ਦੇ ਵੀ ਲੱਕੜ ਦੇ ਬਾਲੇ ਨਾਲ ਸੱਟਾਂ ਮਾਰੀਆਂ। ਜਿਸ ਤੋਂ ਬਾਅਦ ਦੋਵੇਂ ਵਿਅਕਤੀ ਕਰਿੰਦੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਹਾਲਤ ’ਚ ਕਰਿੰਦੇ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ. ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਜਿਥੇ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਭਵਾਨੀਗੜ੍ਹ ਪੁਲਸ ਨੇ ਮੌਕੇ ’ਤੇ ਪਹੁੰਚ ਗਈ ਤੇ ਪੂਰੀ ਡੂੰਘਾਈ ਦੇ ਨਾਲ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ।

ਥਾਣਾ ਮੁਖੀ ਭਵਾਨੀਗੜ੍ਹ ਗੁਰਦੀਪ ਸਿੰਘ ਨੇ ਕਿਹਾ ਕਿ ਸੁਰਾਗ ਜੁਟਾਉਣ ਲਈ ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ ਅਤੇ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।

Bharat Thapa

This news is Content Editor Bharat Thapa