ਰੁਪਇਆਂ ਲਈ ਠੇਕੇਦਾਰ ਦਾ ਕਤਲ ਕਰਨ ਵਾਲੇ ਲਾਂਗਰੀ ਅਤੇ ਜੇ.ਬੀ.ਸੀ. ਮਾਲਕ ਕਾਬੂ

05/05/2021 2:40:28 PM

ਤਪਾ ਮੰਡੀ (ਸ਼ਾਮ,ਗਰਗ): ਤਪਾ ਪੁਲਸ ਨੇ ਢਿਲਵਾਂ ਰੋਡ ਸਥਿਤ ਇੱਕ ਖਸਤਾ ਹਾਲਤ ‘ਚ ਫੈਕਟਰੀ ’ਚ ਠੇਕੇਦਾਰ ਦਾ ਕਥਿਤ ਤੌਰ ’ਤੇ ਕਤਲ ਕਰਨ ਵਾਲੇ ਕਾਤਲਾਂ ਨੂੰ 6 ਦਿਨਾਂ ਦੇ ਅੰਦਰ-ਅੰਦਰ ਕਾਬੂ ਕਰਕੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਨੇ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਗੋਇਲ ਦੇ ਦਿੱਤੇ ਦਿਸ਼ਾ-ਨਿਰਦੇਸ਼ਾ ਅਤੇ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੱਸਿਆ ਕਿ 27 ਅਪ੍ਰੈਲ ਨੂੰ ਸਵੇਰ ਸਮੇਂ ਅਬਦੁੱਲ ਰਹਿਮਾਣ ਉਰਫ ਭੋਲਾ ਹਾਲ ਆਬਾਦ ਹਿੰਦ ਫੈਕਟਰੀ ਢਿਲਵਾਂ ਰੋਡ ਤਪਾ ਦਾ ਕਿਸੇ ਨਾ-ਮਾਲੂਮ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ,ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਮੋਬਾਇਲਾਂ ਦੀਆਂ ਲੋਕੇਸ਼ਨਾਂ ਲਗਾ ਦਿੱਤੀਆਂ ਗਈਆਂ।

ਫੈਕਟਰੀ ‘ਚ ਉਸ ਸਮੇਂ 7-8 ਮਜ਼ਦੂਰ ਕੰਮ ਕਰਦੇ ਸੀ ਪਰ ਉਨ੍ਹਾਂ ’ਚੋਂ ਜੋ ਮਜਦੂਰ ਗਾਇਬ ਸੀ ਜਿਨ੍ਹਾਂ ਨੂੰ ਪੁਲਸ ਨੇ ਫੜ੍ਹਨ ਲਈ ਥਾਂ-ਥਾਂ ਤੇ ਛਾਪਾਮਾਰੀ ਕੀਤੀ ਜਾ ਰਹੀ ਸੀ,ਪਰ 3 ਮਈ ਨੂੰ ਪੁਲਸ ਨੇ ਦੋ ਮਜ਼ਦੂਰ ਜੋ ਫੈਕਟਰੀ ’ਚ ਕੰਮ ਕਰਦੇ ਲਾਂਗਰੀ ਮੁਹੰਮਦ ਰਾਫੇਦ ਅਲੀ ਪੁੱਤਰ ਜਹੁਰ ਆਲਮ ਵਾਸੀ ਬਿਹਾਰ ਹਾਲ ਮਲੇਰਕੋਟਲਾ ਅਤੇ ਜੇ.ਬੀ.ਸੀ ਮਾਲਕ ਗੁਰਇੰਦਰਜੀਤ ਸਿੰਘ ਪੁੱਤਰ ਰਘੁਵੀਰ ਵਾਸੀ ਕੋਟ ਕਰਮ ਚੰਦ ਜ਼ਿਲ੍ਹਾ ਬਟਾਲਾ ਨੂੰ ਰਾਮਪੁਰਾ ਨਜਦੀਕ ਕਾਬੂ ਕਰਕੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਠੇਕੇਦਾਰ ਕੋਲ ਹਜ਼ਾਰਾਂ ਦੀ ਨਕਦੀ ਦੇਖ ਕੇ ਮਨ ਬੇਈਮਾਨ ਹੋ ਗਿਆ ਸੀ,ਜਦ ਰੋਜਿਆਂ ਕਾਰਨ ਠੇਕੇਦਾਰ ਖੇਲ ਤੋਂ ਪਾਣੀ ਲੈਣ ਗਿਆ ਸੀ ਤਾਂ ਲਾਂਗਰੀ ਮੁਹੰਮਦ ਰਾਫੇਲ ਅਲੀ ਨੇ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਜੇ.ਬੀ.ਸੀ. ਦੇ ਮਾਲਕ ਗੁਰਇੰਦਰਜੀਤ ਸਿੰਘ ਨੇ ਉਸ ਦੇ ਸਿਰ ‘ਚ ਲੋਹੇ ਦੀ ਤੇਸੀ ਮਾਰਕੇ ਕਤਲ ਕਰ ਦਿੱਤਾ ਅਤੇ ਜੇਬ ’ਚੋਂ 92 ਹਜ਼ਾਰ ਰੁਪੈ ਨਕਦੀ ਕੱਢ ਕੇ ਉਥੇ ਹੀ ਟੋਆ ਪੁੱਟ ਕੇ ਤੇਸੀ ਅਤੇ ਰੁਪਏ ਦੱਬਕੇ ਫਰਾਰ ਹੋ ਗਏ, ਪੁਲਸ ਨੇ ਦੋਸ਼ੀਆਂ ਵੱਲੋਂ ਦੱਬੇ ਰੁਪਏ,ਤੇਸੀ ਅਤੇ ਲਹੂ ਨਾਲ ਲਿਬੜੇ ਕੱਪੜਿਆਂ ਨੂੰ ਕਾਬੂ ਕਰਕੇ ਕੇਸ ਨੂੰ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਹੈ।

ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ‘ਚੋਂ ਇੱਕ ਮਜਦੂਰ ਪਹਿਲਾਂ ਹੀ ਅਪਣੇ ਦੂਸਰੇ ਸਾਥੀਆਂ ਕੋਲ ਕਹਿਣ ਲੱਗ ਪਿਆ ਕਿ ਰੋਜੀਆਂ ‘ਚ ਉਨ੍ਹਾਂ ਤੋਂ ਪਾਪ ਹੋ ਗਿਆ,ਜਿਥੇ ਪੁਲਸ ਨੂੰ ਮੁਲਜਮਾਂ ਨੂੰ ਫੜਨ ‘ਚ ਵੱਡੀ ਕਾਮਯਾਬੀ ਮਿਲੀ। ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਬਰਨਾਲਾ ‘ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਬ-ਇੰਸਪੈਕਟਰ ਅੰਮਿ੍ਰਤ ਸਿੰਘ,ਮੁਨਸੀ ਲੱਖਾ ਸਿੰਘ ਅਤੇ ਪੁਲਸ ਮੁਲਾਜ਼ਮ ਹਾਜ਼ਰ ਸਨ।


Shyna

Content Editor

Related News