ਡਿਊਟੀ ''ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ

09/24/2019 1:49:27 AM

ਚੰਡੀਗੜ੍ਹ, (ਸੰਦੀਪ)— ਸੈਕਟਰ-17 ਸਥਿਤ ਆਈ. ਆਰ. ਬੀ. ਦੀ ਸੁਰੱਖਿਆ 'ਚ ਤਾਇਨਾਤ ਆਈ. ਟੀ. ਬੀ. ਪੀ. ਕਾਂਸਟੇਬਲ ਸੁਰੇਸ਼ (30) ਨੇ ਮੰਗਲਵਾਰ ਸਵੇਰੇ ਖੁਦ ਨੂੰ ਆਪਣੇ ਹੀ ਸਰਵਿਸ ਹਥਿਆਰ ਨਾਲ ਗੋਲੀ ਮਾਰ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਢਿੱਡ 'ਚ ਗੋਲੀ ਲੱਗਣ ਕਾਰਨ ਪੀ. ਜੀ. ਆਈ. 'ਚ ਡਾਕਟਰਾਂ ਨੇ ਸੁਰੇਸ਼ ਦਾ ਆਪਰੇਸ਼ਨ ਕੀਤਾ ਹੈ ਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਸੁਰੇਸ਼ ਮੁਲ ਰੂਪ ਤੋਂ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸਦੇ ਘਰ 'ਤੇ ਇਸ ਵਿਸ਼ੇ 'ਚ ਸੂਚਨਾ ਦੇ ਦਿੱਤੀ ਹੈ।
ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੁਰੇਸ਼ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਸੁਰੇਸ਼ ਦੇ ਤਣਾਅ ਦਾ ਕਾਰਨ ਸਾਹਮਣੇ ਆ ਸਕੇਗਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਘਟਨਾ ਥਾਂ ਤੋਂ ਐੱਲ.ਐੱਮ.ਜੀ. ਦੇ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਦਾ ਇੱਕ ਖੋਲ, ਸੁਰੇਸ਼ ਨੂੰ ਜਾਰੀ ਕੀਤੀ ਗਈ ਸਰਕਾਰੀ ਐੱਲ. ਐੱਮ. ਜੀ. ਬੰਦੂਕ ਬਰਾਮਦ ਹੋਈ ਹੈ। ਪੁਲਸ ਨੇ ਸਾਰੇ ਸਾਮਾਨ ਨੂੰ ਕਬਜ਼ੇ 'ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਸੁਰੇਸ਼ ਦੀ ਡਿਊਟੀ ਬੈਂਕ ਬਾਊਂਡਰੀ ਵਾਲ ਦੇ ਨਾਲ ਬਣੇ ਵਾਚ ਟਾਵਰ 'ਚ ਮੰਗਲਵਾਰ ਤੜਕੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੀ। ਇਸ ਦੌਰਾਨ ਵਾਚ ਟਾਵਰ 'ਚ ਉਹ ਆਪਣੀ ਸਰਵਿਸ ਐੱਲ. ਐੱਮ. ਜੀ. ਬੰਦੂਕ ਨਾਲ ਡਿਊਟੀ ਕਰ ਰਿਹਾ ਸੀ। ਸਵੇਰੇ ਦੇ ਕਰੀਬ 6:30 ਤੱਕ ਵੀ ਸੁਰੇਸ਼ ਵਾਚ ਟਾਵਰ 'ਚ ਹੀ ਡਿਊਟੀ 'ਤੇ ਤਾਇਨਾਤ ਸੀ, ਇਸ ਸਮੇਂ ਉਸਦੇ ਸਹਿਕਰਮੀਆਂ ਨੇ ਅਚਾਨਕ ਵਾਚ ਟਾਵਰ 'ਚੋਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਆਵਾਜ਼ ਸੁਣਦੇ ਹੀ ਸੁਰੇਸ਼ ਦੇ ਸਹਿਕਰਮੀ ਵਾਚ ਟਾਵਰ 'ਚ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਸੁਰੇਸ਼ ਨੇ ਆਪਣੇ ਸਰਵਿਸ ਹਥਿਆਰ ਨਾਲ ਖੁਦ ਦੇ ਢਿੱਡ 'ਚ ਗੋਲੀ ਮਾਰੀ ਹੋਈ ਸੀ ਅਤੇ ਉਹ ਲਹੂ-ਲੁਹਾਨ ਹਾਲਤ 'ਚ ਵਾਚ ਟਾਵਰ 'ਚ ਡਿੱਗਿਆ ਹੋਇਆ ਹੈ।

ਇਹ ਵੇਖ ਉਸ ਨਾਲ ਡਿਊਟੀ 'ਤੇ ਤਾਇਨਾਤ ਅਧਿਕਾਰੀ ਅਤੇ ਸਹਿਕਰਮੀ ਤੁਰੰਤ ਉਸ ਨੂੰ ਲੈ ਕੇ ਪੀ. ਜੀ. ਆਈ. ਪਹੁੰਚੇ ਅਤੇ ਇਸ ਗੱਲ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ। ਗੋਲੀ ਸੁਰੇਸ਼ ਦੇ ਢਿੱਡ ਦੇ ਆਰ-ਪਾਰ ਹੋ ਚੁੱਕੀ ਸੀ, ਜਿਸ ਕਾਰਨ ਦੁਪਹਿਰ ਦੇ ਸਮੇਂ ਡਾਕਟਰਾਂ ਨੇ ਸੁਰੇਸ਼ ਦਾ ਆਪਰੇਸ਼ਨ ਕੀਤਾ। ਉਥੇ ਇਸ ਗੱਲ ਦੀ ਸੂਚਨਾ ਮਿਲਦੇ ਹੀ ਸੈਕਟਰ-17 ਥਾਣਾ ਇੰਚਾਰਜ ਜਸਵਾਲ ਸਿੰਘ, ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਦੀ ਸੀ.ਐੱਫ. ਐੱਸ. ਐੱਲ. ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਟੀਮ ਨੂੰ ਮੌਕੇ ਤੋਂ ਸੁਰੇਸ਼ ਦੀ ਸਰਵਿਸ ਐੱਲ. ਐੱਮ. ਜੀ., ਇੱਕ ਜ਼ਿੰਦਾ ਕਾਰਤੂਸ ਅਤੇ ਇਕ ਚੱਲੇ ਹੋਏ ਕਾਰਤੂਸ ਦਾ ਖੋਲ ਬਰਾਮਦ ਹੋਇਆ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਸੁਰੇਸ਼ ਕੁਝ ਕਾਰਨਾਂ ਕਾਰਨ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਪੁਲਸ ਨੂੰ ਮੌਕੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।


KamalJeet Singh

Content Editor

Related News