ਕਾਂਗਰਸੀਆਂ ਨੇ ਅਕਾਲੀ-ਭਾਜਪਾ ਸਰਕਾਰ ਦੀ ਧੱਕੇਸ਼ਾਹੀ ਨੂੰ ਵੀ ਮਾਤ ਪਾਈ : ਹਰਪਾਲ ਚੀਮਾ

09/20/2018 11:28:41 AM

ਚੰਡੀਗੜ੍ਹ(ਸ਼ਰਮਾ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਬੁੱਧਵਾਰ ਨੂੰ ਸੱਤਾਧਾਰੀ ਕਾਂਗਰਸ ਨੇ ਗੁੰਡਾਗਰਦੀ ਨਾਲ ਲੋਕਤੰਤਰ ਦੀਆਂ ਧੱਜੀਆਂ ਉਡਾਉਣ 'ਚ ਪੁਰਾਣੇ ਸਮਿਆਂ ਦੇ ਵਿਹਾਰ ਨੂੰ ਮਾਤ ਪਾ ਦਿੱਤੀ। 'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਗਰੂਰ ਜ਼ਿਲਾ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ 'ਚ ਸ਼ਰੇਆਮ ਬੂਥ ਕੈਪਚਰਿੰਗ ਅਤੇ ਫਾਇਰਿੰਗ ਕੀਤੀ ਗਈ। ਚੀਮਾ ਨੇ ਘਟਨਾ ਸਥਾਨ 'ਤੇ ਜਾ ਕੇ ਪੁਲਸ ਅਤੇ ਪ੍ਰਸ਼ਾਸਨ ਦੀਆਂ ਖਾਮੀਆਂ ਅਤੇ ਉਨ੍ਹਾਂ ਦੀ ਕਾਂਗਰਸੀਆਂ ਅੱਗੇ ਬੇਵਸੀ ਦੀ ਪੋਲ ਖੋਲ੍ਹੀ। ਉਥੋਂ ਹੀ ਜ਼ਿਲਾ ਪੁਲਸ ਮੁਖੀ, ਏ. ਆਈ. ਜੀ., ਡਿਪਟੀ ਕਮਿਸ਼ਨਰ ਅਤੇ ਰਾਜ ਚੋਣ ਕਮਿਸ਼ਨਰ ਨੂੰ ਸੂਚਨਾ ਦਿੰਦਿਆਂ ਮੰਗ ਕੀਤੀ ਕਿ ਦੋਸ਼ੀਆਂ 'ਤੇ ਮੁਕੱਦਮਾ ਦਰਜ ਕੀਤਾ ਜਾਵੇ। ਚੀਮਾ ਨੇ ਕਿਹਾ ਕਿ ਨਾ ਕੇਵਲ ਸੰਗਰੂਰ ਸਗੋਂ ਪੂਰੇ ਪੰਜਾਬ 'ਚ ਅਜਿਹੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਆ ਰਹੀਆਂ ਹਨ, ਜਿਥੇ ਕਾਂਗਰਸੀਆਂ ਨੇ ਸੱਤਾ ਦੇ ਜ਼ੋਰ 'ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਗੁੰਡਾਗਰਦੀ ਨੂੰ ਵੀ ਮਾਤ ਪਾਈ ਹੈ। ਬਹੁਤ ਥਾਵਾਂ 'ਤੇ ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਕਾਂਗਰਸੀਆਂ ਦੀ ਇਸ ਧੱਕੇਸ਼ਾਹੀ 'ਚ ਧਿਰ ਵਜੋਂ ਕੰਮ ਕੀਤਾ ਹੈ।

ਚੀਮਾ ਨੇ ਕਿਹਾ ਕਿ ਸਿਰਫ ਕਾਂਗਰਸੀਆਂ ਨੇ ਹੀ ਨਹੀਂ ਅਕਾਲੀ ਦਲ ਨੇ ਵੀ ਲੋਕਤੰਤਰ ਕਦਰਾਂ ਕੀਮਤਾਂ ਦਾ ਘਾਣ ਕਰਨ 'ਚ ਕੋਈ ਕਸਰ ਨਹੀਂ ਛੱਡੀ। ਧੂਰੀ 'ਚ ਇਕ ਪੋਲਿੰਗ ਅਧਿਕਾਰੀ ਨੂੰ ਖੁਦ ਹੀ ਫਰਜ਼ੀ ਵੋਟਾਂ ਪਾਉਂਦੇ ਫੜਿਆ ਗਿਆ। ਚੀਮਾ ਨੇ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਵਲੋਂ ਪਹਿਲਾਂ ਹੀ ਸਿਰਜੇ ਗਏ ਡਰ ਅਤੇ ਭੈਅ ਦੇ ਮਾਹੌਲ ਕਾਰਨ ਮਤਦਾਨ ਫੀਸਦੀ ਦਰ ਉਮੀਦ ਤੋਂ ਘੱਟ ਰਹੀ। ਚੀਮਾ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਚੋਣਾਂ ਲੁੱਟਣ ਦਾ ਇਰਾਦਾ ਬਣਾ ਚੁੱਕੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵੱਡੀ ਗਿਣਤੀ 'ਚ ਕਾਗਜ਼ ਰੱਦ ਕੀਤੇ ਗਏ। ਵਾਰ-ਵਾਰ ਮੰਗ ਦੇ ਬਾਵਜੂਦ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਕੀਤੀ ਗਈ। 'ਆਪ ਦੀ ਮੰਗ ਮੁਤਾਬਿਕ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਨਹੀਂ ਕਰਵਾਈ ਗਈ ਅਤੇ ਨਾ ਹੀ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਬੂਥਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।