ਬਜਟ ਦੇ ਵਿਰੋਧ ’ਚ ਕਾਂਗਰਸੀਆਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

07/07/2019 2:34:23 AM

ਫਰੀਦਕੋਟ, (ਹਾਲੀ)- ਰੇਲਵੇ ਸਟੇਸ਼ਨ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਮੋਦੀ ਸਰਕਾਰ ਦੇ ਪਹਿਲੇ ਬਜਟ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾ ਡਾ. ਜਾਗੀਰ ਸਿੰਘ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਫ਼ਰੀਦਕੋਟ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਸੰਸਦ ਵਿਚ ਪਹਿਲਾ ਬਜਟ ਪੇਸ਼ ਕਰ ਕੇ ਦੇਸ਼ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਜਨਤਾ ਦੇ ਹਰ ਵਰਗ ਉੱਪਰ ਹੋਰ ਬੋਝ ਪਾ ਕੇ ਮੋਦੀ ਸਰਕਾਰ ਨੇ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਲੋਕਾਂ ਦੇ ਮੂੰਹ ’ਚੋਂ ਰੋਟੀ ਖੋਹ ਕੇ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਇਆ ਹੈ। ਡਾ. ਜਾਗੀਰ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਪਹਿਲਾਂ ਤੋਂ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ ਪਰ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਦਾ ਕਿਸਾਨ ਵੀ ਤਬਾਹ ਹੋ ਕੇ ਰਹਿ ਜਾਵੇਗਾ। ਇਸ ਦੌਰਾਨ ਗੁਰਵਿੰਦਰ ਭੁੱਲਰ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਪ੍ਰੀਤਪਾਲ ਸਿੰਘ ਭੰਡਾਰੀ ਜਨਰਲ ਸਕੱਤਰ, ਕਸ਼ਮੀਰ ਸਿੰਘ ਮੀਤ ਪ੍ਰਧਾਨ ਜ਼ਿਲਾ ਕਾਂਗਰਸ, ਯੂਥ ਆਗੂ ਰਾਮ ਅਵਤਾਰ, ਰਾਜੇਸ਼ ਕੁਮਾਰ, ਸੰਨੀ ਕੁਮਾਰ, ਜੋਗਿੰਦਰ ਸਿੰਘ, ਦੀਪਾ ਰਾਣੀ ਪ੍ਰਧਾਨ ਮਹਿਲਾ ਮੰਡਲ, ਜੋਗਿੰਦਰ ਕੌਰ, ਆਸ਼ਾ ਰਾਣੀ, ਰੇਖਾ ਰਾਣੀ, ਕੁਲਦੀਪ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।


Bharat Thapa

Content Editor

Related News