ਤੇ ਹੁਣ 7 ਅਗਸਤ ਤੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ

08/04/2021 11:55:49 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੀਆਂ ਪਈਆਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹੁਣ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 7 ਅਗਸਤ ਤੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਦੋ-ਦੋ ਦਿਨ ਭੁੱਖ ਹੜਤਾਲ ਰੱਖਣਗੀਆਂ ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਗੀਆਂ।

ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ 7 ਅਤੇ 8 ਅਗਸਤ ਨੂੰ ਅੰਮ੍ਰਿਤਸਰ ਵਿਖੇ ਮੰਤਰੀ ਓ ਪੀ ਸੋਨੀ ਦੇ ਘਰ ਦਾ ਘਿਰਾਓ ,14 ਅਤੇ 15 ਅਗਸਤ ਨੂੰ ਗੁਰੂਹਰਸਹਾਏ ਵਿਖੇ ਰਾਣਾ ਸੋਢੀ ਦੇ ਘਰ ਦਾ ਘਿਰਾਓ , 24 ਅਤੇ 25 ਅਗਸਤ ਨੂੰ ਮੋਰਿੰਡਾ ਵਿਖੇ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ , 28 ਅਤੇ 29 ਅਗਸਤ ਨੂੰ ਪਿੰਡ ਬਾਦਲ ਵਿਖੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਦਾ ਘਿਰਾਓ , 4 ਅਤੇ 5 ਸਤੰਬਰ ਨੂੰ ਦੀਨਾਨਗਰ ਵਿਖੇ ਅਰੁਣਾ ਚੌਧਰੀ ਦੇ ਘਰ ਦਾ ਘਿਰਾਓ , 11 ਅਤੇ 12 ਸਤੰਬਰ ਨੂੰ ਕਾਂਗੜ ਵਿਖੇ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਦਾ ਘਿਰਾਓ ,18 ਅਤੇ 19 ਸਤੰਬਰ ਨੂੰ ਸੰਗਰੂਰ ਵਿਖੇ ਵਿਜੇਇੰਦਰ ਸਿੰਗਲਾ ਦੇ ਘਰ ਦਾ ਘਿਰਾਓ ਅਤੇ 25 ਤੇ 26 ਸਤੰਬਰ ਨੂੰ ਮਲੇਰਕੋਟਲਾ ਵਿਖੇ ਰਜ਼ੀਆ ਸੁਲਤਾਨਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਦੌਰਾਨ ਵਰਕਰਾਂ ਤੇ ਹੈਲਪਰਾਂ ਆਪਣਾ ਖ਼ੂਨ ਕੱਢ ਕੇ ਤੇ ਉਸ ਨਾਲ ਮੰਗ ਪੱਤਰ ਲਿਖ ਕੇ ਮੰਤਰੀਆਂ ਨੂੰ ਇਹ ਮੰਗ ਪੱਤਰ ਮੁੱਖ ਮੰਤਰੀ ਦੇ ਨਾਮ ਦੇਣਗੀਆਂ। ਉਨ੍ਹਾਂ ਦੱਸਿਆ ਕਿ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਲਈ ਜਥੇਬੰਦੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Shyna

This news is Content Editor Shyna