ਮਾਮਲਾ ਬੱਸਾਂ ਨੂੰ ਅੱਗ ਲੱਗਣ ਦਾ : ਕੰਡਕਟਰ ਨੇ ਆਪਣੀ ਚੋਰੀ ਛੁਪਾਉਣ ਲਈ ਬੈਗ ਨੂੰ ਅੱਗ ਲਗਾ ਕੇ ਸੁੱਟਿਆ ਸੀ ਬੱਸਾਂ ਹੇਠ

05/06/2022 10:51:16 AM

ਬਠਿੰਡਾ (ਵਰਮਾ) : ਭਗਤਾ ਭਾਈਕਾ ਵਿਖੇ ਤਿੰਨ ਬੱਸਾਂ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੋ ਕਿ ਨਿਊ ਮਾਲਵਾ ਬੱਸ ਕੰਪਨੀ ਦੀਆਂ ਬੱਸਾਂ ਵਿਚ ਬਤੌਰ ਡਰਾਈਵਰ ਡਿਊਟੀ ਕਰਦਾ ਸੀ। ਮੁਲਜ਼ਮਾਂ ਨੇ ਬੱਸ ਕੰਡਕਟਰ ਦੇ ਬੈਗ ਵਿੱਚੋਂ ਪੈਸੇ ਚੋਰੀ ਕਰ ਲਏ, ਖਾਲੀ ਬੈਗ ਨੂੰ ਅੱਗ ਲਗਾ ਕੇ ਬੱਸਾਂ ਦੇ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਪਹਿਲੀ ਬੱਸ ਨੂੰ ਅੱਗ ਲੱਗ ਗਈ, ਉਸ ਤੋਂ ਬਾਅਦ ਦੂਜੀ ਅਤੇ ਤੀਜੀ ਬੱਸ ਨੂੰ ਅੱਗ ਲੱਗ ਗਈ। ਪੁਲਸ ਨੇ ਉਕਤ ਮਾਮਲੇ ਵਿਚ ਮੁਲਜ਼ਮ ਅਵਤਾਰ ਸਿੰਘ ਨੂੰ ਨਾਮਜ਼ਦ ਕੀਤਾ ਹੈ। ਵੀਰਵਾਰ ਨੂੰ ਪੁਲਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਜਾਣਕਾਰੀ ਅਨੁਸਾਰ ਕਰੀਬ ਦਸ ਦਿਨ ਪਹਿਲਾਂ ਭਗਤਾ ਭਾਈਕਾ ਦੇ ਬੱਸ ਸਟੈਂਡ ਵਿਚ ਨਿਊ ਮਾਲਵਾ ਕੰਪਨੀ ਦੀਆਂ ਤਿੰਨ ਬੱਸਾਂ ਖੜ੍ਹੀਆਂ ਸਨ, ਜਿਨ੍ਹਾਂ ਵਿੱਚੋਂ ਦੋ ਨਵੀਆਂ ਬੱਸਾਂ ਕੰਪਨੀ ਵੱਲੋਂ ਖਰੀਦੀਆਂ ਗਈਆਂ ਸਨ। ਅਵਤਾਰ ਸਿੰਘ ਉਕਤ ਕੰਪਨੀ ਵਿਚ ਡਰਾਈਵਰ ਵਜੋਂ ਕੰਮ ਕਰਦਾ ਸੀ। ਜਿਸ ’ਤੇ ਪਹਿਲਾਂ ਵੀ ਬੱਸਾਂ ’ਚੋਂ ਡੀਜ਼ਲ ਚੋਰੀ ਕਰਨ ਦੇ ਦੋਸ਼ ਲੱਗੇ ਸਨ। ਬੱਸ ਨੂੰ ਅੱਗ ਲਾਉਣ ਤੋਂ ਬਾਅਦ ਅਵਤਾਰ ਸਿੰਘ ਫਰਾਰ ਸੀ। ਪੁਲਸ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਜਦੋਂ ਉਕਤ ਮਾਮਲੇ ਵਿਚ ਅਵਤਾਰ ਸਿੰਘ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਸ ਨੇ ਬੁੱਧਵਾਰ ਦੇਰ ਸ਼ਾਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਸੂਤਰਾਂ ਨੇ ਦੱਸਿਆ ਕਿ ਪੁਲਸ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸ ਨੇ ਉਸ ਦਿਨ ਬੱਸ ਕੰਡਕਟਰ ਦੇ ਬੈਗ ’ਚੋਂ ਪੈਸੇ ਚੋਰੀ ਕੀਤੇ ਸਨ ਅਤੇ ਖਾਲੀ ਬੈਗ ਨੂੰ ਲਾਈਟਰ ਨਾਲ ਅੱਗ ਲਾ ਕੇ ਬੱਸ ਦੇ ਹੇਠਾਂ ਸੁੱਟ ਦਿੱਤਾ ਸੀ। ਬੈਗ ਨੂੰ ਲੱਗੀ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਤੋਂ ਬਾਅਦ ਉਕਤ ਬੱਸ ਨੇ ਨੇੜੇ ਖੜ੍ਹੀਆਂ ਦੋ ਹੋਰ ਬੱਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਉਕਤ ਖਾਲੀ ਬੈਗ ਬੱਸ ਦੇ ਹੇਠਾਂ ਸੁੱਟ ਦਿੱਤਾ ਸੀ ਤਾਂ ਜੋ ਚੋਰੀ ਦਾ ਸਬੂਤ ਮਿਟਾਇਆ ਜਾ ਸਕੇ। ਘਟਨਾ ਤੋਂ ਬਾਅਦ ਥਾਣਾ ਦਿਆਲਪੁਰਾ ਦੀ ਪੁਲਸ ਨੇ ਨਿਊ ਮਾਲਵਾ ਕੰਪਨੀ ਦੇ ਪ੍ਰਬੰਧਕਾਂ ਦੇ ਬਿਆਨਾਂ ’ਤੇ ਮੁੱਢਲੇ ਤੌਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਥਾਣਾ ਦਿਆਲਪੁਰਾ ਵਿਚ ਐੱਸ. ਐੱਚ. ਓ. ਵਜੋਂ ਕੰਮ ਕਰ ਰਹੇ ਆਈ. ਪੀ. ਐੱਸ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਵਿਚ ਅਵਤਾਰ ਸਿੰਘ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ’ਤੇ ਬੱਸਾਂ ’ਚੋਂ ਡੀਜ਼ਲ ਚੋਰੀ ਕਰਨ ਦਾ ਵੀ ਦੋਸ਼ ਸੀ। ਆਈ. ਪੀ. ਐੱਸ. ਦਰਪਨ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਪਰ ਪੁਲਸ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਦੋਸ਼ੀ ਅਵਤਾਰ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ |

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Meenakshi

This news is News Editor Meenakshi