ਕੰਪਿਊਟਰ ਲਾਟਰੀ ਦੀ ਆੜ ਹੇਠ ਸ਼ਰੇਆਮ ਚੱਲਦੈ ਦੜ੍ਹੇ-ਸੱਟੇ ਦਾ ਧੰਦਾ, ਗਰੀਬਾਂ ਦੀ ਹੋ ਰਹੀ ਲੁੱਟ

11/11/2019 8:17:22 PM

ਮਾਛੀਵਾੜਾ ਸਾਹਿਬ,(ਟੱਕਰ) : ਮਾਛੀਵਾੜਾ ਵਿਖੇ ਕੰਪਿਊਟਰ ਲਾਟਰੀ ਦੀ ਆੜ ਹੇਠ ਦੜੇ ਸੱਟੇ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ ਤੇ ਜਿਆਦਾਤਰ ਗਰੀਬ ਵਰਗ ਨਾਲ ਸਬੰਧਿਤ ਲੋਕ 1 ਤੋਂ 70 ਰੁਪਏ ਬਣਾਉਣ ਦੇ ਚੱਕਰ 'ਚ ਰੋਜ਼ਾਨਾ ਆਪਣੀ ਮਿਹਨਤ ਦੀ ਕਮਾਈ ਲੁਟਾ ਰਹੇ ਹਨ ਪਰ ਪੁਲਿਸ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਹੈ। ਮਾਛੀਵਾੜਾ ਦੀ ਮੀਟ ਮਾਰਕਿਟ ਜਿੱਥੇ ਕਿ ਦੜ੍ਹੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ 2 ਦੁਕਾਨਾਂ ਖੋਲੀਆਂ ਗਈਆਂ ਹਨ। ਜਿਸ ਵਿਚ ਇੱਕ ਪਾਸੇ ਕੰਪਿਊਟਰ ਸਿਸਟਮ ਲਗਾਇਆ ਹੈ, ਜਿੱਥੇ ਨਾ ਤਾਂ ਕੋਈ ਮਾਨਤਾ ਪ੍ਰਾਪਤ ਲਾਟਰੀ ਦਾ ਸਿਸਟਮ ਚੱਲਦਾ ਹੈ ਤੇ ਨਾ ਹੀ ਇੱਥੇ ਨੰਬਰ ਲਗਾਉਣ ਵਾਲੇ ਵਿਅਕਤੀਆਂ ਨੂੰ ਕੋਈ ਲਾਟਰੀ ਦੀ ਪਰਚੀ ਦਿੱਤੀ ਜਾਂਦੀ ਹੈ। ਦੜ੍ਹੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਆਪਣਾ ਹੀ ਇੱਕ ਸਿਸਟਮ ਚਲਾਇਆ ਹੈ, ਜਿਸ ਵਿਚ ਗੰਗਾ ਨਾਮਕ ਸੋਸ਼ਲ ਸਾਈਟ ਉਪਰ ਹਰੇਕ 15 ਮਿੰਟ ਬਾਅਦ ਲਾਟਰੀ ਦਾ ਡਰਾਅ ਕੱਢਿਆ ਜਾਂਦਾ ਹੈ, ਜਿਸਦੇ ਨਤੀਜੇ ਚਾਰਟ ਉਪਰ ਲਿਖ ਦਿੱਤੇ ਜਾਂਦੇ ਹਨ, ਜੇਕਰ ਕਿਸੇ ਦਾ ਨੰਬਰ ਆ ਜਾਂਦਾ ਹੈ ਤਾਂ ਉਸਨੂੰ ਬਣਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ ਅਤੇ ਜਿਸ ਦਾ ਲਗਾਇਆ ਨੰਬਰ ਨਹੀਂ ਆਉਂਦਾ ਉਸਦੇ ਪੈਸੇ ਹਜ਼ਮ ਹੋ ਜਾਂਦੇ ਹਨ। ਪਿਛਲੇ 1 ਮਹੀਨੇ ਤੋਂ ਕੰਪਿਊਟਰ ਲਾਟਰੀ ਦੀ ਆੜ ਵਿਚ ਦੜ੍ਹੇ-ਸੱਟੇ ਦੇ ਕਾਰੋਬਾਰ ਲਈ ਖੋਲ੍ਹੀਆਂ ਦੁਕਾਨਾਂ 'ਤੇ ਰੋਜ਼ਾਨਾ ਸੈਂਕੜੇ ਹੀ ਲੋਕ ਕਿਸਮਤ ਅਜਮਾਉਣ ਆਉਂਦੇ ਹਨ ਪਰ ਜਿਆਦਾਤਰ ਲੋਕ ਆਪਣੀ ਮਿਹਨਤ ਦੀ ਕਮਾਈ ਲੁਟਾ ਕੇ ਹੀ ਜਾਂਦੇ ਹਨ।

ਸੱਟੇ ਦੀ ਦੁਕਾਨ ਬਾਹਰ ਲੱਗਿਆ ਪ੍ਰਾਪਰਟੀ ਸਲਾਹਕਾਰ ਦਾ ਬੋਰਡ
ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਇਸ ਗੋਰਖ ਧੰਦੇ ਨੂੰ ਛੁਪਾਉਣ ਲਈ ਦੁਕਾਨ ਦੇ ਬਾਹਰ ਪ੍ਰਾਪਰਟੀ ਸਲਾਹਕਾਰ, ਬਿਲਡਿੰਗ ਮੈਟੀਰੀਅਲ ਦਾ ਸਮਾਨ ਵੇਚਣ ਦਾ ਬੋਰਡ ਲਗਾਇਆ ਹੈ ਤਾਂ ਜੋ ਇਲਾਕੇ 'ਚੋਂ ਲੰਘਣ ਵਾਲੇ ਲੋਕਾਂ ਨੂੰ ਲੱਗੇ ਕਿ ਇੱਥੇ ਸੱਟੇ ਦਾ ਨਹੀਂ ਬਲਕਿ ਪ੍ਰਾਪਰਟੀ ਦਾ ਕਾਰੋਬਾਰ ਹੁੰਦਾ ਹੈ। ਜਦਕਿ ਮੀਟ ਮਾਰਕਿਟ ਦੇ ਲੋਕਾਂ ਤੇ ਮੁਹੱਲਾ ਨਿਵਾਸੀਆਂ ਅਨੁਸਾਰ ਇਸ ਦੁਕਾਨ ਵਿਚ ਸੱਟੇ ਦਾ ਨੰਬਰ ਲਗਾਉਣ ਲਈ ਹੀ ਲੋਕ ਜਾਂਦੇ ਹਨ। ਪ੍ਰਾਪਰਟੀ ਤੇ ਬਿਲਡਿੰਗ ਮੈਟੀਰੀਅਲ ਦਾ ਤਾਂ ਕੇਵਲ ਦਿਖਾਵਾ ਹੈ।

ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ : ਐਸ. ਐਸ. ਪੀ
ਪੁਲਿਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਜੇਕਰ ਕੋਈ ਵੀ ਗੈਰ-ਕਾਨੂੰਨੀ ਕਾਰੋਬਾਰ ਕਰਦਾ ਹੈ ਤਾਂ ਉਸ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਸਬੰਧਿਤ ਪੁਲਸ ਥਾਣਿਆਂ ਨੂੰ ਨਿਰਦੇਸ਼ ਦੇਣਗੇ ਕਿ ਕਿਤੇ ਵੀ ਕੋਈ ਦੜ੍ਹੇ-ਸੱਟੇ ਦਾ ਕਾਰੋਬਾਰ ਚੱਲਦਾ ਹੈ ਤਾਂ ਉਸ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇ ਤੇ ਅਜਿਹੇ ਮਾੜੇ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਤੁਰੰਤ ਮਾਮਲੇ ਦਰਜ ਕੀਤੇ ਜਾਣ।