ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਣ ਬੀਤੇ ਸਾਲ ਸਡ਼ਕ ਹਾਦਸਿਆਂ ’ਚ 56 ਲੋਕਾਂ ਦੀ ਗਈ ਜਾਨ

02/09/2020 12:06:23 AM

ਖੰਨਾ, (ਜ. ਬ.)- ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਣ 1 ਜਨਵਰੀ 2019 ਤੋਂ 31 ਦਸੰਬਰ 2019 ਤਕ ਸਿਟੀ-1, ਸਿਟੀ-2 ਅਤੇ ਸਦਰ ਥਾਣਾ ਖੰਨਾ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ’ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਣ ਵਾਪਰੇ ਸਡ਼ਕ ਹਾਦਸਿਆਂ ’ਚ ਜਿੱਥੇ 56 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ, ਉਥੇ ਦੂਜੇ ਪਾਸੇ 45 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ ’ਚੋਂ ਕਈ ਵਿਅਕਤੀ ਪੂਰੀ ਜ਼ਿੰਦਗੀ ਦੇ ਲਈ ਦਿਵਿਆਂਗ ਹੋ ਚੁੱਕੇ ਹਨ। ਭਾਵੇਂ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਸਿੰਘ ਗਰੇਵਾਲ, ਐੱਸ. ਪੀ. (ਡੀ) ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ, ਡੀ. ਐੱਸ. ਪੀ. ਤਰਲੋਚਨ ਸਿੰਘ ਦੀ ਵਧੀਆ ਕਾਰਜ ਪ੍ਰਣਾਲੀ ਕਾਰਣ ਟ੍ਰੈਫਿਕ ਨਿਯਮਾਂ ’ਚ ਸੁਧਾਰ ਕਰਦੇ ਹੋਏ, ਜਿੱਥੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ । ਸਿੱਟੇ ਵੱਜੋਂ ਬੀਤੇ ਸਾਲ ਦੇ ਮੁਕਾਬਲੇ ਇਸ ਵਾਰੀ ਹਾਦਸਿਆਂ ’ਚ ਭਾਰੀ ਕਮੀ ਆਈ ਹੈ। ਦੂਜੇ ਪਾਸੇ ਇਨ੍ਹਾਂ ਅਧਿਕਾਰੀਆਂ ਦੇ ਕਾਰਣ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਖੇ ਵੀ ਆਵਾਜਾਈ ਨੂੰ ਵੰਡਦੇ ਹੋਏ ਕਈ ਪੁਆਇੰਟ ਵੀ ਬਣਾਏ ਗਏ ਹਨ।

ਇਕ ਹੋਰ ਮਿਲੀ ਜਾਣਕਾਰੀ ਅਨੁਸਾਰ ਬੀਤੇ ਸਾਲ ਸਦਰ ਥਾਣੇ ਵਿਖੇ ਕੁਲ 39 ਹਾਦਸਿਆਂ ਦੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚੋਂ ਮੌਕੇ ’ਤੇ ਅਤੇ ਇਲਾਜ ਦੌਰਾਨ ਕੁੱਲ 26 ਵਿਅਕਤੀਆਂ ਦੀ ਮੌਤ ਹੋਈ ਅਤੇ ਦੂਜੇ ਪਾਸੇ 27 ਵਿਅਕਤੀ ਫੱਟਡ਼ ਹੋ ਗਏ। ਇਸੇ ਤਰ੍ਹਾਂ ਸਿਟੀ-1 ਦੇ ਅਧੀਨ ਆਉਂਦੇ ਖੇਤਰਾਂ ਵਿਚ ਕੁੱਲ 22 ਹਾਦਸੇ ਵਾਪਰੇ, ਜਿਨ੍ਹਾਂ ਵਿਚ 15 ਲੋਕਾਂ ਦੀ ਮੌਤ ਹੋਈ ਅਤੇ 7 ਜ਼ਖਮੀ ਹੋ ਗਏ। ਸਿਟੀ-2 ਇਲਾਕੇ ਵਿਚ ਕੁੱਲ 26 ਹਾਦਸਿਆਂ ਵਿਚ 15 ਲੋਕਾਂ ਦੀ ਮੌਤ ਅਤੇ 11 ਜ਼ਖਮੀ ਹੋਏ। ਜ਼ਿਕਰਯੋਗ ਹੈ ਕਿ ਐੱਸ. ਐੱਸ .ਪੀ. ਦੇ ਨਿਰਦੇਸ਼ਾਂ ’ਤੇ ਜਿੱਥੇ ਸਕੂਲਾਂ-ਕਾਲਜਾਂ ਵਿਚ ਟ੍ਰੈਫਿਕ ਨਿਯਮਾਂ ਸਬੰਧੀ ਹਾਦਸਿਆਂ ਨੂੰ ਰੋਕਣ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸ਼ਰਾਬ ਪੀ ਕੇ ਅਤੇ ਵਾਹਨ ਚਲਾਉੇਣ ਮੌਕੇ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਵੀ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa