ਅਧੂਰੇ ਪ੍ਰਾਜੈਕਟਾਂ ਨੂੰ ਕੰਪਲੀਸ਼ਨ, ਬਿਲਡਰ ਤੇ ਅਧਿਕਾਰੀਆਂ ‘ਚ ਕਰੋੜਾਂ ਦਾ ਲੈਣ ਦੇਣ!

05/09/2020 6:29:17 PM

ਜ਼ੀਰਕਪੁਰ (ਗੁਰਪ੍ਰੀਤ) : ਸ਼ਹਿਰ ਦੇ ਨਾਮੀ-ਗਰਾਮੀ ਬਿਲਡਰਾਂ ਦੇ ਕਈ ਅਧੂਰੇ ਪਏ ਪ੍ਰਾਜੈਕਟਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਕੇ ਨਗਰ ਕੌਂਸਲ ਦੇ ਅਧਿਕਾਰੀ ਸ਼ੱਕ ਦੇ ਘੇਰੇ ਵਿਚ ਆ ਗਏ। ਇਸ ਸਬੰਧੀ ਸ਼ਿਕਾਇਤ ਮਿਲਣ ‘ਤੇ ਸਥਾਨਕ ਸਰਕਾਰਾਂ ਵਿਭਾਗ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਅਤੇ ਵਿਭਾਗ ਦੇ ਵਿਜੀਲੈਂਸ ਨੇ ਨਗਰ ਕੌਂਸਲ ‘ਚ ਛਾਪੇਮਾਰੀ ਕਰਕੇ ਕਈ ਪ੍ਰਾਜੈਕਟਾਂ ਦਾ ਰਿਕਾਰਡ ਆਪਣੇ ਕਬਜ਼ੇ ’ਚ ਲਿਆ। ਦੋਸ਼ ਲੱਗ ਰਹੇ ਹਨ ਕਿ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ‘ਚ ਬਿਲਡਰ ਅਤੇ ਅਧਿਕਾਰੀਆਂ ਵਿਚਕਾਰ ਕਰੋੜਾਂ ਦਾ ਲੈਣ ਦੇਣ ਹੋਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਫਰਵਰੀ ਅਤੇ ਮਾਰਚ ਮਹੀਨੇ ‘ਚ ਅੱਠ ਤੋਂ 10 ਦੇ ਲਗਭਗ ਛੋਟੇ-ਵੱਡੇ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਜੈਕਟ, ਜਿਨ੍ਹਾਂ ਦੀ ਉਸਾਰੀ ਅਜੇ ਚਲ ਰਹੀ ਹੈ, ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਦੋਸ਼ ਲੱਗ ਰਹੇ ਹਨ ਕਿ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਦੇ ਸਮੇਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕੰਮ ਕੀਤਾ ਹੈ। ਜਦ ਇਨ੍ਹਾਂ ਪ੍ਰਾਜੈਕਟਾਂ ਵਿਚ ਖਰੀਦ ਕਰਨ ਵਾਲੇ ਲੋਕਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਵਿਭਾਗ ਦੇ ਮੰਤਰੀ ਨੇ ਮਾਮਲੇ ਦੀ ਜਾਂਚ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ (ਸੀ. ਵੀ. ਓ.) ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਜਿਸ ਤੋਂ ਬਾਅਦ ਵਿਜੀਲੈਂਸ ਦੇ ਦੋ ਅਫਸਰਾਂ ਨੇ ਨਗਰ ਕੌਸਲ ਪਹੁੰਚ ਇਸ ਮਾਮਲੇ ਦੀ ਜਾਂਚ ਨੂੰ ਸ਼ੁਰੂ ਕੀਤਾ।

ਕੀ ਹੈ ਪੂਰਾ ਮਾਮਲਾ
ਬਿਲਡਰ ਜਿਸ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ ਉਸ ਨੂੰ ਨਾਲ-ਨਾਲ ਸੇਲ ਕਰਦਾ ਰਹਿੰਦਾ ਹੈ ਅਤੇ ਕਈ ਪ੍ਰਾਜੈਕਟ ਤੈਅ ਸਮੇਂ ‘ਤੇ ਡਿਲੀਵਰ ਨਾ ਹੋਣ ਤੇ ਜਿਨ੍ਹਾਂ ਗ੍ਰਾਹਕਾਂ ਨੇ ਇਥੇ ਬੁਕਿੰਗ ਕੀਤਾ ਹੈ, ਉਨ੍ਹਾਂ ਨੂੰ ਬਿਲੰਡਰ 1 ਫੀਸਦੀ ਰਿਟਰਨ ਦਿੰਦਾ ਹੈ। ਮੰਦੀ ਦੇ ਦੌਰ ‘ਚ ਬਿਲੰਡਰਾਂ ਨੂੰ ਇਹ ਰਿਟਰਨ ਦੇਣੀ ਮੁਸ਼ਕਲ ਹੋ ਗਈ ਅਤੇ ਉਨ੍ਹਾਂ ਲੱਖਾਂ ਦੀ ਰਿਟਰਨ ਬਚਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਲੈ ਕੇ ਸਰਕਾਰ ‘ਚ ਵੱਡੇ ਅਹੁਦਿਆਂ ‘ਤੇ ਬੈਠੇ ਕਈ ਅਫਸਰਾਂ ਨਾਲ ਗੰਢ-ਤੁੱਪ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿਲ ਨੇ ਆਪਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼ਹਿਰ ਦੇ ਕਈ ਅਜਿਹੇ ਪ੍ਰਾਜੈਕਟਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਜੋ ਅਜੇ ਅਧੂਰੇ ਹਨ। ਕੰਪਲੀਸ਼ਨ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਬਿਲਡਰਾਂ ਨੇ ਰਿਟਰਨ ਬੰਦ ਕਰਨ ਸਬੰਧੀ ਗ੍ਰਾਹਕਾਂ ਨੂੰ ਪੱਤਰ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਨਿਵੇਸ਼ ਕਰਨ ਵਾਲੇ ਲੋਕ ਹੈਰਾਨ ਹੋ ਗਏ ਕਿ ਉਨ੍ਹਾਂ ਨੂੰ ਅਜੇ ਤਕ ਪੋਜੈਸ਼ਨ ਨਹੀਂ ਦਿੱਤੀ ਗਈ ਅਤੇ ਕਈਆਂ ਨੇ ਮੌਕੇ ‘ਤੇ ਆ ਕੇ ਵੇਖਿਆ ਕਿ ਅਜੇ ਤਾਂ ਪ੍ਰਾਜੈਕਟ ਅਧੂਰੇ ਪਏ ਹਨ, ਜਿਸ ਤੋਂ ਬਾਅਦ ਉਨ੍ਹਾਂ ਇਸ ਸੰਬਧੀ ਸ਼ਿਕਾਇਤ ਦਿੱਤੀ। 

ਜ਼ਿਕਰਯੋਗ ਹੈ ਕਿ ਜ਼ੀਰਕਪੁਰ ਪ੍ਰਾਪਰਟੀ ਕਾਰੋਬਾਰ ਦਾ ਵੱਡਾ ਹੱਬ ਹੈ ਅਤੇ ਇਸ ਕਾਰੋਬਾਰ ‘ਚ ਕਰੋੜਾਂ ਅਰਬਾਂ ਰੁਪਏ ਦਾ ਨਿਵੇਸ਼ ਹੁੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ’ਤੇ ਵੱਡੇ ਪੱਧਰ ‘ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਨਿਯਮਾਂ ਦੀ ਧੱਜੀਆਂ ਉਡਾਉਣ ਦਾ ਦੋਸ਼ ਲੱਗਦੇ ਚਲੇ ਆ ਰਹੇ ਹਨ। ਕਈ ਅਜਿਹੇ ਪ੍ਰਾਜੈਕਟ ਹਨ ਜੋ ਨਾਜਾਇਜ਼ ਉਸਾਰੇ ਜਾ ਰਹੇ ਹਨ, ਕਈ ਬਣ ਕੇ ਤਿਆਰ ਹੋ ਚੁੱਕੇ ਹਨ। ਸਥਾਨਕ ਲੋਕਾਂ ਨੇ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਪਰ ਕਾਰਵਾਈ ਦੇ ਨਾਂ ’ਤੇ ਸਿਰਫ ਦਿਖਾਵਾ ਕਰ ਮਾਮਲੇ ਨੂੰ ਠੰਢਾ ਕਰ ਦਿੱਤਾ ਜਾਂਦਾ ਚਲਿਆ ਆ ਰਿਹਾ ਹੈ। ਹੁਣ ਇਹੀ ਆਸ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਨੂੰ ਵੀ ਕੁਝ ਸਮੇਂ ਬਾਅਦ ਠੰਢੇ ਬਸਤੇ ’ਚ ਪਾ ਦਿੱਤਾ ਜਾਵੇਗਾ। ਛਾਪੇਮਾਰੀ ਤਾਂ ਸਿਰਫ ਅੱਖਾਂ ‘ਚ ਧੂੜ ਝੋਂਕਣ ਨੂੰ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਵਿਭਾਗ ਦੇ ਵਿਜੀਲੈਂਸ ਅਫਸਰ ਅਤੁਲ ਸ਼ਰਮਾ ਨੇ ਕਿਹਾ ਕਿ ਫਿਲਹਾਲ ਇਸ ਸੰਬਧੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜੋ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਹੋਵੇਗੀ।


Anuradha

Content Editor

Related News