CM ਦੇ ਵ੍ਹਟਸਐਪ ਨੰਬਰ ’ਤੇ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ, ਵਿਧਾਇਕ ਮੁੰਡੀਆਂ ਨੇ ਕੀਤੀ ਕਾਰਵਾਈ

03/24/2022 11:05:54 PM

ਮਾਛੀਵਾੜਾ ਸਾਹਿਬ (ਟੱਕਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਅਤੇ ਰੇਤ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸ਼ਿਕਾਇਤਾਂ ਲਈ ਜਾਰੀ ਕੀਤਾ ਵ੍ਹਟਸਐਪ ਨੰਬਰ ਸਮਾਜ ਵਿਰੋਧੀ ਅਨਸਰਾਂ ’ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਅਤੇ ਅੱਜ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਵਿਖੇ ਚੱਲਦੀ ਨਾਜਾਇਜ਼ ਰੇਤ ਦੀ ਖੱਡ ਦੀ ਵੀ ਇਸ ਨੰਬਰ ’ਤੇ ਸ਼ਿਕਾਇਤ ਹੋਈ ਤਾਂ ਕੂੰਮਕਲਾਂ ਪੁਲਸ ਹਰਕਤ ’ਚ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਵ੍ਹਟਸਐਪ ਨੰਬਰ ’ਤੇ ਬਲੀਏਵਾਲ ਵਿਖੇ ਚੱਲਦੀ ਰੇਤੇ ਦੀ ਨਾਜਾਇਜ਼ ਖੱਡ ਦੀ ਵੀਡੀਓ ਭੇਜ ਕੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਇਸ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ’ਤੇ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਸੂਚਨਾ ਦਿੱਤੀ ਅਤੇ ਨਾਲ ਹੀ ਸਾਹਨੇਵਾਲ ਦੇ ਏ.ਸੀ.ਪੀ. ਨੂੰ ਨਿਰਦੇਸ਼ ਜਾਰੀ ਕੀਤੇ ਗਏ ਕਿ ਇਹ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : PM ਮੋਦੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਖਾ ਤੇ ਸੰਦੂਕ ਨਹੀਂ ਕੀਤਾ ਗਿਫ਼ਟ (ਵੀਡੀਓ)

ਵਿਧਾਇਕ ਹਰਦੀਪ ਸਿੰਘ ਮੁੰਡੀਆਂ ਤੁਰੰਤ ਪਿੰਡ ਬਲੀਏਵਾਲ ਵਿਖੇ ਪਹੁੰਚੇ, ਜਿਥੇ ਰੇਤੇ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵੀ ਭਾਰੀ ਫੋਰਸ ਸਮੇਤ ਪੁੱਜ ਗਈ। ਵਿਧਾਇਕ ਮੁੰਡੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਹਲਕੇ ’ਚ ਕਿਤੇ ਵੀ ਨਾਜਾਇਜ਼ ਮਾਈਨਿੰਗ ਜਾਂ ਗੈਰ-ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕਰਨਗੇ ਅਤੇ ਜੋ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਵੇਗਾ, ਉਹ ਪੁਲਸ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਵੀ ਪਿੰਡ ਬਲੀਏਵਾਲ ਵਿਖੇ ਚੱਲਦੀ ਰੇਤੇ ਦੀ ਨਾਜਾਇਜ਼ ਖੱਡ ਬੰਦ ਕਰਵਾ ਦਿੱਤੀ ਹੈ ਅਤੇ ਕੁੰਮਕਲਾਂ ਪੁਲਸ ਵਲੋਂ ਮੌਕੇ ’ਤੇ ਤਿੰਨ ਟਿੱਪਰ, ਇਕ ਜੇ. ਸੀ. ਬੀ. ਮਸ਼ੀਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਜੋ ਵਿਅਕਤੀ ਇਸ ਖੱਡ ਨੂੰ ਚਲਾ ਰਿਹਾ ਹੈ, ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : BSF ਹੱਥ ਲੱਗੀ ਵੱਡੀ ਸਫ਼ਲਤਾ, ਅੰਮ੍ਰਿਤਸਰ ’ਚ ਭਾਰਤ-ਪਾਕਿ ਬਾਰਡਰ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ


Manoj

Content Editor

Related News