ਠੰਡ ਤੋਂ ਬਚਣ ਲਈ ਕਮਰੇ ''ਚ ਬਾਲਿਆ ਸੀ ਕੋਲਾ, ਜ਼ਹਿਰੀਲੀ ਗੈਸ ਕਾਰਨ ਦਮ ਘੁਟਿਆ, ਪਤੀ-ਪਤਨੀ ਦੀ ਹੋਈ ਮੌਤ

01/18/2024 2:07:02 AM

ਲੁਧਿਆਣਾ (ਰਾਜ)- ਠੰਡ ਤੋਂ ਬਚਣ ਲਈ ਲੋਕ ਕਮਰੇ ’ਚ ਅੰਗੀਠੀ ਜਾਂ ਕੋਲਾ ਬਾਲ ਲੈਂਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੋਲਾ ਜਾਂ ਅੰਗੀਠੀ ਤੋਂ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਜੋ ਕਮਰਾ ਬੰਦ ਹੋਣ ’ਤੇ ਵਿਅਕਤੀ ਦੀ ਜਾਨ ਲੈ ਲੈਂਦਾ ਹੈ। ਅਜਿਹਾ ਹੀ ਕੁਝ ਫੋਕਲ ਪੁਆਇੰਟ ਦੇ ਰਹਿਣ ਵਾਲੇ ਜੋੜੇ ਦੇ ਨਾਲ ਵੀ ਹੋਇਆ। ਉਹ ਕਮਰੇ ’ਚ ਇਕ ਤਸਲੇ ’ਚ ਕੋਲਾ ਬਾਲ ਕੇ ਸੌਂ ਗਏ ਅਤੇ ਉਨ੍ਹਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।

ਫੈਕਟਰੀ ਨਾ ਆਉਣ ’ਤੇ ਦੇਰ ਰਾਤ ਨੂੰ ਉਸ ਦੇ ਦੋਸਤ ਘਰ ਪੁੱਜੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਮੌਤ ਦਾ ਪਤਾ ਲੱਗਾ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਕਰਣ (40) ਅਤੇ ਉਸ ਦੀ ਪਤਨੀ ਕਮਲਾ (38) ਮੂਲ ਰੂਪ ਦੇ ਨੇਪਾਲ ਦੇ ਰਹਿਣ ਵਾਲੇ ਸਨ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀਆਂ ਹਨ।

ਇਹ ਵੀ ਪੜ੍ਹੋ- ਪਹਿਲਾਂ ਇਨਕਮ ਟੈਕਸ ਦਾ ਵਕੀਲ ਬਣ ਕੇ ਕੀਤੀ ਦੋਸਤੀ, ਫਿਰ ਠੱਗ ਲਏ 12 ਲੱਖ ਰੁਪਏ

ਜਾਣਕਾਰੀ ਦਿੰਦਿਆਂ ਮ੍ਰਿਤਕ ਕਰਣ ਦੇ ਦੋਸਤ ਪ੍ਰੇਮ ਕੁਮਾਰ ਨੇ ਕਿਹਾ ਕਿ ਕਰਣ ਅਤੇ ਕਮਲਾ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਹ ਇਕੱਲੇ ਹੀ ਰਹਿੰਦੇ ਸਨ। ਦੋਵੇਂ ਵੱਖ-ਵੱਖ ਫੈਕਟਰੀਆਂ ’ਚ ਕੰਮ ਕਰਦੇ ਸਨ। ਕਰਣ ਉਨ੍ਹਾਂ ਦੇ ਨਾਲ ਕਿੰਗਸ ਐਕਸਪੋਰਟ ’ਚ ਕੰਮ ਕਰਦਾ ਹੈ। ਸੋਮਵਾਰ ਨੂੰ ਉਸ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਘਰ ਚਲਾ ਗਿਆ। ਮੰਗਲਵਾਰ ਨੂੰ ਉਹ ਕੰਮ ’ਤੇ ਨਹੀਂ ਆਇਆ ਸੀ। ਉਸ ਨੇ ਹਾਲ ਜਾਣਨ ਲਈ ਕਰਣ ਨੂੰ ਕਾਲ ਕੀਤੀ ਪਰ ਉਸ ਨੇ ਉਸ ਦਾ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਸ ਦੀ ਪਤਨੀ ਦੇ ਨੰਬਰ ’ਤੇ ਕਾਲ ਕੀਤੀ ਤਾਂ ਉਸ ਨੇ ਵੀ ਮੋਬਾਈਲ ਨਹੀਂ ਚੁੱਕਿਆ।

ਇਹ ਵੀ ਪੜ੍ਹੋ- INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ

ਪ੍ਰੇਮ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਰਾਤ ਨੂੰ ਫੈਕਟਰੀ ਤੋਂ ਛੁੱਟੀ ਕਰਨ ਤੋਂ ਬਾਅਦ ਕਰਣ ਦੇ ਘਰ ਗਿਆ। ਕਰਣ ਦੇ ਕਮਰੇ ’ਚ ਅੰਦਰੋਂ ਕੁੰਡੀ ਲੱਗੀ ਹੋਈ ਸੀ। ਦਰਵਾਜ਼ਾ ਕਾਫੀ ਖੜਕਾਉਣ ’ਤੇ ਵੀ ਜਦੋਂ ਕਿਸੇ ਨੇ ਨਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ। ਉਨ੍ਹਾਂ ਨੇ ਮਕਾਨ ਮਾਲਕ ਅਤੇ ਪੁਲਸ ਨੂੰ ਬੁਲਾ ਕੇ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਕਰਣ ਦੀ ਲਾਸ਼ ਬੈੱਡ ’ਤੇ ਪਈ ਸੀ ਅਤੇ ਉਸ ਦੀ ਪਤਨੀ ਜ਼ਮੀਨ ’ਤੇ ਡਿੱਗੀ ਹੋਈ ਸੀ। 

ਉਨ੍ਹਾਂ ਦੇ ਕਮਰੇ ’ਚ ਇਕ ਲੋਹੇ ਦਾ ਤਸਲਾ ਪਿਆ ਹੋਇਆ ਸੀ, ਜਿਸ ’ਚ ਕੋਲਾ ਬਾਲਿਆ ਹੋਇਆ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਲਾ ਬਾਲਣ ਤੋਂ ਬਾਅਦ ਉਨ੍ਹਾਂ ਨੇ ਕਮਰਾ ਬੰਦ ਕਰ ਲਿਆ ਹੋਵੇਗਾ ਅਤੇ ਜ਼ਹਿਰੀਲੀ ਗੈਸ ਕਾਰਨ ਦੋਵਾਂ ਦਾ ਦਮ ਘੁੱਟ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harpreet SIngh

This news is Content Editor Harpreet SIngh