CM ਚੰਨੀ ਦੀਆਂ ਦੋਵੇਂ ਸੀਟਾਂ ਸਣੇ ਕਾਂਗਰਸ ਪਾਰਟੀ ਦੇ ਸਾਰੇ ਮੰਤਰੀ ਹਾਰ ਰਹੇ ਨੇ ਚੋਣ: ਸੁਖਬੀਰ

02/14/2022 3:12:02 PM

ਦਿੜ੍ਹਬਾ ਮੰਡੀ (ਅਜੈ) - ਵਿਧਾਨ ਸਭਾ ਹਲਕਾ (ਰਿਜ਼ਰਵ) ਦਿੜ੍ਹਬਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਗੁਲਜਾਰ ਮੂਨਕ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਅਨਾਜ ਮੰਡੀ ਦਿੜ੍ਹਬਾ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਕੱਠ ਤੋ ਖ਼ੁਸ਼ ਹੋ ਕੇ ਦਿੜ੍ਹਬਾ ਹਲਕੇ ਨੂੰ ਗੋਦ ਲੈਣ ਦਾ ਐਲਾਨ ਕੀਤਾ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਨਵੇਂ ਨੀਲੇ ਕਾਰਡ ਬਣਾਏ ਜਾਣਗੇ। ਘਰ ਦੀ ਮੁਖੀ ਜਨਾਨੀ ਨੂੰ 2 ਹਜ਼ਾਰ ਰੁਪਏ, ਬੁਢਾਪਾ ਪੈਨਸ਼ਨ 3100 ਰੁਪਏ, ਸ਼ਗਨ ਸਕੀਮ 75 ਹਜ਼ਾਰ ਰੁਪਏ, ਬਿਜਲੀ ਸਸਤੀ ਦੇ ਨਾਲ ਹਰ ਪਰਿਵਾਰ ਨੂੰ 400 ਯੂਨਿਟ ਬਿਜਲੀ ਮੁਫ਼ਤ ਅਤੇ ਗਰੀਬਾਂ ਨੂੰ 5-5 ਮਰਲਿਆਂ ਦੇ ਪਲਾਟ ਬਿਲਕੁਲ ਮੁਫ਼ਤ ਦਿੱਤੇ ਜਾਣਗੇ।

ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ 5 ਲੱਖ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ, 25 ਹਜ਼ਾਰ ਦੀ ਅਬਾਦੀ ਲਈ 5 ਹਜ਼ਾਰ ਬੱਚਿਆਂ ਨੂੰ ਪੜਾਉਣ ਦੀ ਸਮਰਥਾਂ ਵਾਲੇ ਸਕੂਲ ਬਣਾਏ ਜਾਣਗੇ, ਨਹਿਰਾਂ ਵੱਡੀਆ ਕਰਕੇ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ, ਪੰਜਾਬ ਅੰਦਰ ਵੱਡੇ ਉਦਯੋਗ ਲਗਾ ਕੇ ਨੌਜਵਾਨਾ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੂੰ ਕਰਾਰੇ ਹੱਥੀ ਲੈਂਦਿਆ ਬਾਦਲ ਨੇ ਕਿਹਾ ਕਿ ਉਸ ਨੇ ਮੇਰੇ ਬਰਾਬਰ ਜਲਾਲਾਬਾਦ ਤੋ ਚੋਣ ਲੜੀ ਅਤੇ 20 ਹਜ਼ਾਰ ਦੇ ਵੱਡੇ ਫਰਕ ਨਾਲ ਹਰਾ ਕੇ ਭੇਜਿਆ ਅਤੇ ਉਸ ਤੋਂ ਬਾਅਦ ਜਲਾਲਾਬਾਦ ਨਹੀਂ ਵੜਿਆ। 

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਤੋਂ ਆਪਣੀ ਪਾਰਟੀ ਅੰਦਰਲਾ ਕਲੇਸ਼ ਨਹੀਂ ਸੁਲਝ ਰਿਹਾ, ਉਹ ਪੰਜਾਬ ਦੇ ਮਸਲੇ ਕੀ ਹੱਲ ਕਰਨਗੇ। ਮੁੱਖ ਮੰਤਰੀ ਚੰਨੀ ਦੀਆਂ ਦੋਵੇਂ ਸੀਟਾਂ ਸਮੇਤ ਕਾਂਗਰਸ ਦੇ ਸਾਰੇ ਮੰਤਰੀ ਚੋਣ ਹਾਰ ਰਹੇ ਹਨ, ਜਿਸ ਕਰਕੇ ਕਾਂਗਰਸ ਦੀ ਹਾਲਤ ਬਿਲਕੁਲ ਮਾੜੀ ਹੋ ਗਈ ਹੈ। ਇਸ ਰੈਲੀ ਨੂੰ ਉਮੀਦਵਾਰ ਗੁਲਜਾਰ ਸਿੰਘ ਮੂਨਕ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਕਰਨ ਘੁਮਾਣ ਕੈਨੇਡਾ ਆਦਿ ਨੇ ਸੰਬੋਧਨ ਕੀਤਾ।


rajwinder kaur

Content Editor

Related News