ਬੇਨਿਯਮੀਆਂ ਸਾਹਮਣੇ ਆਉਣ ’ਤੇ ਟਰਾਂਸਪੋਰਟ ਵਿਭਾਗ ਨੇ ਰੱਦ ਕੀਤੇ ਸੈਂਕੜੇ ਲਾਇਸੈਂਸ

02/03/2020 2:53:53 PM

ਫਰੀਦਕੋਟ - ਜਾਅਲੀ ਡਰਾਇਵਿੰਗ ਲਾਇਸੈਂਸ ਜਾਰੀ ਹੋਣ ਦੇ ਮਾਮਲੇ ’ਚ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਫਰੀਦਕੋਟ ਦੇ ਰੀਜ਼ਨਲ ਟ੍ਰਾਂਸਪੋਰਟ ਅਥਾਰਿਟੀ ਦਫਤਰ ਦੇ ਕਲਰਕ ਅਮਿ੍ਤਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਠੇਕੇ ਦੇ ਆਧਾਰਿਤ ਕੰਮ ਕਰ ਰਹੀ ਇਕ ਮਹਿਲਾ ਡਾਟਾ ਐਂਟੀ ਆਪਰੇਟਰ ਨੂੰ ਵੀ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲਾ ਫਰੀਦਕੋਟ ਟਰਾਂਸਪੋਰਟ ਦਫ਼ਤਰ ’ਚ ਆਮ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਅਤੇ ਨਵੇਂ ਅਤੇ ਪੁਰਾਣੇ ਵਾਹਨਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕਰਨ ਸਮੇਂ ਹੋਏ ਘਪਲਿਆਂ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਦਫ਼ਤਰ ਨੇ ਨਿਯਮਾਂ ਦੀ ਅਣਦੇਖੀ ਕਰ ਬਣਾਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਡੀ.ਸੀ. ਨੇ ਇਸ ਘਪਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਸਨ। ਸੂਤਰਾਂ ਮੁਤਾਬਕ ਫ਼ਰੀਦਕੋਟ ਦੇ ਆਰ. ਟੀ. ਓ. ਦਫ਼ਤਰ ਵਿਚੋਂ 4628 ਡਰਾਈਵਿੰਗ ਲਾਇਸੈਂਸ ਬਾਹਰਲੇ ਸੂਬਿਆਂ ਅਤੇ ਜ਼ਿਲਿਆਂ ਦੇ ਲੋਕਾਂ ਨੂੰ ਜਾਰੀ ਕੀਤੇ ਗਏ ਸਨ। ਮੁੱਢਲੀ ਪੜਤਾਲ ਦੌਰਾਨ 260 ਲਾਇਸੈਂਸ ਸ਼ੱਕੀ ਪਾਏ ਗਏ, ਜਿਨ੍ਹਾਂ ਨੂੰ ਆਰ. ਟੀ. ਓ. ਹਰਦੀਪ ਸਿੰਘ ਨੇ ਤੁਰੰਤ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਪੜਤਾਲ ਦੌਰਾਨ ਵਾਹਨਾਂ ਦੀਆਂ 855 ਰਜਿਸਟਰੇਸ਼ਨਾਂ ਵੀ ਸ਼ੱਕ ਦੇ ਘੇਰੇ ’ਚ ਆਈਆਂ ਹਨ, ਜਿਨ੍ਹਾਂ ਦੀ ਰਜਿਸਟਰੇਸ਼ਨ ਸਮੇਂ ਬਣਦਾ ਸਰਕਾਰੀ ਟੈਕਸ ਅਦਾ ਨਹੀਂ ਕੀਤਾ ਗਿਆ। ਸੂਚਨਾ ਅਨੁਸਾਰ ਟਰਾਂਸਪੋਰਟ ਵਿਭਾਗ ਨੇ 2018 ਮਾਡਲ ਦੀ ਗੱਡੀ ਦਾ ਟੈਕਸ 2017 ’ਚ ਭਰਿਆ ਦਿਖਾਇਆ ਹੈ। 33 ਲੱਖ ਦੀ ਇਸ ਗੱਡੀ ਦੀ ਕੀਮਤ ਸਿਰਫ਼ 16 ਲੱਖ ਰੁਪਏ ਦਿਖਾਈ ਗਈ ਹੈ ਅਤੇ 16 ਲੱਖ ਰੁਪਏ ਉੱਪਰ ਟਰਾਂਸਪੋਰਟ ਵਿਭਾਗ ਨੂੰ ਮਿਲਣ ਵਾਲਾ 1 ਲੱਖ 80 ਹਜ਼ਾਰ ਰੁਪਏ ਟੈਕਸ ਕਾਨੂੰਨੀ ਤੌਰ ’ਤੇ ਅਦਾ ਨਹੀਂ ਕੀਤਾ ਗਿਆ। ਰਿਕਾਰਡ ’ਚ ਸ਼ਾਮਲ ਕੀਤੀਆਂ ਰਸੀਦਾਂ ਫਰਜ਼ੀ ਹਨ। ਟਰਾਂਸਪੋਰਟ ਵਿਭਾਗ ਦੇ ਇਨ੍ਹਾਂ ਘਪਲਿਆਂ ਦੀ ਜਾਂਚ ਫ਼ਰੀਦਕੋਟ ਦੇ ਐੱਸ. ਡੀ. ਐੱਮ. ਕਰ ਰਹੇ ਹਨ। ਕੁਝ ਏਜੰਟਾਂ ਨੂੰ ਅਜੇ ਤੱਕ ਜਾਂਚ ਦੇ ਘੇਰੇ ਵਿਚ ਨਹੀਂ ਲਿਆ। ਇਸ ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਪਰਮਦੀਪ ਸਿੰਘ ਨੇ ਕਿਹਾ ਕਿ ਮੁੱਢਲੀ ਪੜਤਾਲ ਮਗਰੋਂ ਟਰਾਂਸਪੋਰਟ ਵਿਭਾਗ ਦੀਆਂ ਕੁਝ ਖਾਮੀਆਂ ਸਾਹਮਣੇ ਆਈਆਂ ਹਨ, ਜਿਸ ਬਾਰੇ ਉਹ ਰਿਪੋਰਟ ਡੀ.ਸੀ ਨੂੰ ਸੌਂਪਣਗੇ।

 

 


rajwinder kaur

Content Editor

Related News