ਕੋਰੋਨਾ ਦੌਰਾਨ ਡਿਊਟੀ ਕਰ ਰਹੇ ਸਫਾਈ ਮੁਲਾਜ਼ਮਾਂ ਦਾ ਦਪਿੰਦਰ ਢਿੱਲੋਂ ਵੱਲੋਂ ਸਨਮਾਨ

05/29/2020 2:02:26 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਨਗਰ ਕੌਂਸਲ 'ਚ ਤਾਲਾਬੰਦੀ ਤੇ ਕਰਫਿਊ ਦੌਰਾਨ ਗੈਰ ਹਾਜ਼ਰ ਰਹੇ ਸਫ਼ਾਈ ਕਾਮਿਆਂ ਦੀਆਂ ਛੁੱਟੀਆਂ ਦੀ ਤਨਖਾਹ ਹੁਣ ਨਹੀਂ ਕੱਟੀ ਜਾਵੇਗੀ। ਹਲਕਾ ਕਾਂਗਰਸ ਦੇ ਇੰਚਾਰਜ ਦਪਿੰਦਰ ਸਿੰਘ ਢਿੱਲੋਂ ਦੀ ਅਗਵਾਈ ’ਚ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਪ੍ਰਸ਼ਾਸਨ ਦੇ ਵਿਚਕਾਰ ਹੋਈ ਬੈਠਕ 'ਚ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਡੇਢ ਮਹੀਨੇ ਤੋਂ ਜਾਰੀ ਇਹ ਵਿਵਾਦ ਸੁਲਝਣ ਤੋਂ ਯੂਨੀਅਨ ਅਤੇ ਪ੍ਰਸ਼ਾਸਨ ਦੋਵਾਂ ਨੇ ਸੁੱਖ ਦਾ ਸਾਹ ਲਿਆ ਹੈ।
ਦੱਸਣਯੋਗ ਹੈ ਕਿ ਤਾਲਾਬੰਦੀ ਨਾਲ ਕਰਫਿਊ ਲਾਗੂ ਹੋਣ 'ਤੇ ਕਈ ਸਫ਼ਾਈ ਕਾਮੇ ਡਿਊਟੀ 'ਤੇ ਨਹੀਂ ਪਹੁੰਚ ਸਕੇ ਸਨ। ਇਕ ਠੇਕੇਦਾਰ ਦੇ ਅਧੀਨ ਕੰਮ ਕਰ ਰਹੇ ਇਹ ਸਫ਼ਾਈ ਕਾਮਿਆਂ ਨੂੰ ਅਪ੍ਰੈਲ ਮਹੀਨੇ 'ਚ ਛੁੱਟੀਆਂ ਦੇ ਪੈਸੇ ਕੱਟ ਕੇ ਤਨਖ਼ਾਹ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਸਫ਼ਾਈ ਸੇਵਕਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਸੀ। ਸਫ਼ਾਈ ਸੇਵਕਾਂ ਦਾ ਇਹ ਕਹਿਣਾ ਸੀ ਕਿ ਇੱਕ ਪਾਸੇ ਉਨ੍ਹਾਂ ਨੂੰ ਕੋਰੋਨਾ ਯੋਧਾ ਦੱਸਦੇ ਹੋਏ ਥਾਂ-ਥਾਂ ’ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਮਜ਼ਬੂਰੀ 'ਚ ਹੋਈ ਛੁੱਟੀਆਂ ਦੇ ਵੀ ਪੈਸੇ ਕੱਟ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਕਿ ਪੈਸੇ ਸਿਰਫ਼ ਉਨ੍ਹਾਂ ਦੇ ਕੱਟੇ ਗਏ ਹਨ, ਜੋ ਡਿਊਟੀ ਖੇਤਰ ਦੇ ਨੇੜੇ ਹੋਣ ਦੇ ਬਾਵਜੂਦ ਵੀ ਡਿਊਟੀ ’ਤੇ ਨਹੀਂ ਆਏ।

ਸਫਾਈ ਕਾਮਿਆਂ ਅਤੇ ਪ੍ਰਸ਼ਾਸਨ ਦੇ 'ਚ ਇਹ ਵਿਵਾਦ ਵਧਦਾ ਜਾ ਰਿਹਾ ਸੀ। ਇਸ ਤੋਂ ਨਗਰ ਕੌਂਸਲ ਦੀ ਸਫਾਈ ਵਿਵਸਥਾ ’ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਸੀ। ਸਫ਼ਾਈ ਕਰਮਚਾਰੀ ਯੂਨੀਅਨ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ। ਹੁਣ ਕਾਂਗਰਸ ਦੇ ਹਲਕਾ ਇੰਚਾਰਜ ਦਪਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਤੋਂ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ ਦੇ ਜ਼ਰੀਏ ਸਫ਼ਾਈ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਤੇ ਹੋਰ ਅਫਸਰਾਂ ਵਿਚਕਾਰ ਇਕ ਬੈਠਕ ਕਰਵਾਈ ਗਈ। ਲੰਬੇ ਸਮੇਂ ਚੱਲੀ ਇਸ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਰੈਡੀ ਨੇ ਦੱਸਿਆ ਕਿ ਮੌਜੂਦਾ ਸੰਕਟ 'ਚ ਹਾਲਾਤਾਂ ਨੂੰ ਵੇਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਜਿਨ੍ਹਾਂ ਸਫਾਈ ਸੇਵਕਾਂ ਦੀ ਛੁੱਟੀਆਂ ਦੀ ਤਨਖਾਹ ਕੱਟ ਲਈ ਗਈ ਗਈ ਸੀ, ਹੁਣ ਨਹੀਂ ਕੱਟੀ ਜਾਵੇਗੀ। ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਸੰਕਟ ਦੀ ਇਸ ਘੜੀ ਦੌਰਾਨ ਕੋਰੋਨਾ ਯੁੱਧਿਆਂ ਦੇ ਤੌਰ 'ਤੇ ਸਫਾਈ ਸੇਵਕਾਂ ਦੀ ਭੂਮਿਕਾ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। 


Babita

Content Editor

Related News