ਗਾਲ੍ਹਾਂ ਕੱਢਣ ਤੋਂ ਰੋਕਣਾ ਨੌਜਵਾਨ ਨੂੰ ਪਿਆ ਮਹਿੰਗਾ, ਤਵਾ ਮਾਰ ਕੇ ਵੱਢਿਆ ਕੰਨ

01/16/2020 4:54:13 PM

ਲੁਧਿਆਣਾ (ਰਾਜ) : ਡਾਬਾ ਦੇ ਆਦਰਸ਼ ਨਗਰ ਇਲਾਕੇ 'ਚ ਸਥਿਤ ਇਕ ਵਿਹੜੇ 'ਚ ਸ਼ਰਾਬ ਦੇ ਨਸ਼ੇ 'ਚ ਗਾਲ੍ਹਾਂ ਕੱਢ ਰਹੇ ਨੌਜਵਾਨ ਨੂੰ ਰੋਕਣਾ ਦੂਜੇ ਨੌਜਵਾਨ ਨੂੰ ਮਹਿੰਗਾ ਪੈ ਗਿਆ। ਸ਼ਰਾਬੀ ਨੌਜਵਾਨ ਨੇ ਤਵਾ ਚੁੱਕ ਕੇ ਦੂਜੇ ਨੌਜਵਾਨ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦਾ ਕੰਨ ਹੀ ਵੱਢਿਆ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨੌਜਵਾਨ ਦੇ ਕੰਨ 'ਤੇ 20 ਟਾਂਕੇ ਲੱਗੇ ਹਨ।

ਇਸ ਕੇਸ 'ਚ ਪੀੜਤ ਨੇ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਆਦਰਸ਼ ਨਗਰ 'ਚ ਰਹਿਣ ਵਾਲੇ ਮਾਨ ਸਿੰਘ ਨੇ ਦੱਸਿਆ ਕਿ ਉਹ ਢਲਾਈ ਦਾ ਕੰਮ ਕਰਦਾ ਹੈ। ਲੋਹੜੀ ਵਾਲੇ ਦਿਨ ਉਸ ਦੇ ਵਿਹੜੇ 'ਚ ਇਕ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਗਾਲ੍ਹਾਂ ਕੱਢ ਰਿਹਾ ਸੀ। ਉਸ ਨੇ ਮਨ੍ਹਾ ਕੀਤਾ ਤਾਂ ਉਹ ਉਸ ਨਾਲ ਬਹਿਸਣ ਲੱਗਾ ਅਤੇ ਫਿਰ ਕਮਰੇ 'ਚੋਂ ਤਵਾ ਚੁੱਕ ਕੇ ਲਿਆਇਆ। ਮੁਲਜ਼ਮ ਨੇ ਤਵਾ ਉਸ ਦੇ ਸਿਰ 'ਤੇ ਮਾਰਿਆ। ਬਚਾਅ ਕਰਦੇ ਹੋਏ ਉਸ ਨੇ ਸਿਰ ਪਾਸੇ ਕੀਤਾ ਤਾਂ ਤਵਾ ਉਸ ਦੇ ਕੰਨ 'ਤੇ ਜਾ ਲੱਗਾ, ਜਿਸ ਕਾਰਨ ਉਸ ਦਾ ਕੰਨ ਹੀ ਵੱਢਿਆ ਗਿਆ। ਗੰਭੀਰ ਹਾਲਤ 'ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਧਰ, ਥਾਣਾ ਡਾਬਾ ਦੀ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ।
 

Anuradha

This news is Content Editor Anuradha