ਸ਼ਹਿਰ ਦੀ ਪੁਲਸ ਨੇ ਚਾਈਨਾ ਡੋਰ ਦੀਆਂ 80 ਚਰਖੀਆਂ ਸਮੇਤ ਕੀਤਾ ਇਕ ਕਾਬੂ

01/11/2021 1:13:42 PM

ਫਿਰੋਜਪੁਰ(ਕੁਮਾਰ): ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਚਾਈਨੀਜ਼ ਡੋਰ ਦੇ ਖ਼ਿਲਾਫ਼ ਮੁਹਿੰਮ ਚਲਾਉਂਦੇ ਹੋਏ ਸ਼ਹਿਰ ਦੇ ਆਰੀਆ ਸਮਾਜ ਚੌਂਕ ਦੇ ਨੇੜੇ ਇਕ ਵਿਅਕਤੀ ਨੂੰ ਚਾਈਨਾ ਡੋਰ ਦੀਆਂ 80 ਚਰਖੀਆਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ.ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਐੱਚ.ਸੀ. ਅਮਨਦੀਪ ਜਦ ਪੁਲਸ ਪਾਰਟੀ ਨਾਲ ਸ਼ੱਕੀ ਵਿਅਕਤੀਆ ਦੀ ਚੈਕਿੰਗ ਕਰ ਰਹੇ ਸੀ ਤਾਂ ਪੁਲਸ ਪਾਰਟੀ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਆਰੀਆ ਸਮਾਜ ਚੌਂਕ ਨੇੜੇ ਨਿਤਿਨ ਨਾਮ ਦਾ ਇਕ ਵਿਅਕਤੀ ਪਤੰਗਾਂ ਦੇ ਨਾਲ ਸਰਕਾਰ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਦਾ ਕੰਮ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਐੱਚ.ਸੀ. ਅਮਨਦੀਪ ਨੇ ਪੁਲਸ ਪਾਰਟੀ ਦੇ ਨਾਲ ਜਦ ਦੱਸੀ ਗਈ ਜਗ੍ਹਾ ’ਤੇ ਰੇਡ ਕੀਤੀ ਤਾਂ ਉਥੋਂ ਚਾਈਨਾਂ ਡੋਰ ਦੀਆਂ 80 ਚਰਖੀਆਂ ਬਰਾਮਦ ਹੋਈਆਂ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਦੇ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ’ਚ 188 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਜਮਾਨਤ ’ਤੇ ਰਿਹਾਅ ਕਰ ਦਿੱਤਾ ਹੈ। 
 

Aarti dhillon

This news is Content Editor Aarti dhillon