ਬਿਸਕੁਟਾਂ 'ਚੋਂ ਨਿਕਲੇ ਸਿਗਰਟ ਦੇ ਟੁਕੜੇ, ਹੋਇਆ ਲੱਖ ਰੁਪਏ ਜੁਰਮਾਨਾ

07/21/2019 9:51:38 PM

ਲੁਧਿਆਣਾ (ਮਹਿਰਾ)— ਦੇਸ਼ ਦੀ ਪ੍ਰਸਿੱਧ ਪ੍ਰਿਯਾ ਗੋਲਡ ਬਿਸਕੁਟ ਬਣਾਉਣ ਵਾਲੀ ਕੰਪਨੀ ਦੀ ਲਾਪਰਵਾਹੀ ਦੇ ਕਾਰਨ ਬਿਸਕੁਟਾਂ 'ਚੋਂ ਸਿਗਰੇਟ ਦਾ ਟੁਕੜਾ ਮਿਲਣ 'ਤੇ ਜ਼ਿਲ੍ਹਾ ਉਪਭਗਤਾ ਫੋਰਮ ਨੇ ਸਖਤ ਨੋਟਿਸ ਲੈਂਦੇ ਹੋਏ ਬਿਸਕੁਟ ਬਣਾਉਣ ਵਾਲੀ ਕੰਪਨੀ ਸੂਰੀਆ ਫੂਡ ਐਂਡ ਐਗਰੋ ਲਿਮਿ. ਨੋਇਡਾ ਯੂ.ਪੀ ਨੂੰ ਇਕ ਲੱਖ ਰੁਪਏ ਹਰਜਾਨਾ ਅਦਾ ਕਰਨ ਦੇ ਆਦੇਸ਼ ਦਿੱਤਾ ਹੈ। ਜ਼ਿਲ੍ਹਾ ਉਪਭੋਗਤਾ ਫੋਰਮ ਦੇ ਪ੍ਰਧਾਨ ਜੀ. ਕੇ. ਧੀਰ ਤੇ ਮੈਂਬਰ ਜਿਉਤਸਨਾ ਥਥਈ ਨੇ ਇਹ ਫੈਸਲਾ ਸ਼ਿਕਾਇਤ ਕਰਤਾ ਭਰਪੂਰ ਸਿੰਘ ਨਿਵਾਸੀ ਪਿੰਡ ਰੰਗੋਵਾਲ ਜ਼ਿਲਾ ਲੁਧਿਆਣਾ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਸੁਣਾਇਆ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਨੇ ਉਪਭੋਗਤਾ ਫੋਰਮ ਦੇ ਸਾਹਮਣੇ ਦਾਇਰ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਨ੍ਹਾਂ ਨੇ 16 ਦਸੰਬਰ 2018 ਨੂੰ ਇਕ ਬਟਰ ਬਾਈਟ ਬਿਸਕੁਟ ਪ੍ਰਿਯਾ ਗੋਲਡ ਦਾ ਪੈਕੇਟ ਖਰੀਦਿਆ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਦੁਕਾਨਦਾਰ ਤੋਂ ਬਿਲ ਵੀ ਕਟਵਾਇਆ ਸੀ।

ਉਨ੍ਹਾਂ ਅਨੁਸਾਰ ਘਰ ਆ ਕੇ ਜਦ ਉਨ੍ਹਾਂ ਨੇ ਪੈਕੇਟ ਖੋਲ੍ਹ ਕੇ ਖੁਦ ਅਤੇ ਆਪਣੇ ਬੱਚਿਆਂ ਨਾਲ ਬਿਸਕੁਟ ਖਾਣੇ ਸ਼ੁਰੂ ਕੀਤੇ ਤਾਂ ਅਚਾਨਕ ਬਿਸਕੁਟ ਵਿਚੋਂ ਮਿੰਨੀ ਸਿੰਗਾਰ ਉਨ੍ਹਾਂ ਦੇ ਮੂੰਹ ਵਿਚ ਆ ਗਿਆ ਅਤੇ ਜਿਸਨੂੰ ਦੇਖ ਕੇ ਉਹ ਹੈਰਾਨ ਹੋ ਗਏ ਅਤੇ ਇਸੇ ਦਿਨ ਇਸਦੀ ਵਜ੍ਹਾ ਨਾਲ ਉਹ ਖੁਦ ਅਤੇ ਉਸਦੇ ਬੱਚੇ ਬੀਮਾਰ ਹੋ ਗਏ। ਉਨਾਂ ਨੂੰ ਮੈਡੀਕਲ ਸਹਾਇਤਾ ਵੀ ਲੈਣੀ ਪਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਮ੍ਰਿਤਧਾਰੀ ਸਿਖ ਹੈ ਅਤੇ ਕੰਪਨੀ ਦੀਆਂ ਸੇਵਾਵਾਂ ਵਿਚ ਲਾਪਰਵਾਹੀ ਦੇ ਕਾਰਨ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪੁੱਜੀ ਅਤੇ ਉਨ੍ਹਾਂ ਦੀ ਸਿਹਤ 'ਤੇ ਅਸਰ ਪਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨਾਂ ਨੇ 10 ਜਨਵਰੀ, 2019 ਨੂੰ ਆਪਣੀ ਵਕੀਲ ਜੀ.ਐੱਸ ਗਰੇਵਾਲ ਰਾਹੀਂ ਬਿਸਕੁਟ ਬਣਾਉਣ ਵਾਲੀ ਉਪਰੋਕਤ ਕੰਪਨੀ ਅਤੇ ਦੁਕਾਨਦਾਰ ਨੂੰ ਇਕ ਕਾਨੂੰਨੀ ਨੋਟਿਸ ਵੀ ਭੇਜਿਆ ਅਤੇ 5 ਹਜ਼ਾਰ ਰੁਪਏ ਦਾ ਹਰਜਾਨਾ ਵੀ ਮੰਗਿਆ ਪਰ ਕੋਈ ਵੀ ਜਵਾਬ ਨਹੀਂ ਆਇਆ। ਉਪਭੋਗਤਾ ਫੋਰਮ ਵਿਚ ਕੰਪਨੀ ਵਲੋਂ ਕਿਸੇ ਦੇ ਵੀ ਪੇਸ਼ ਨਾ ਹੋਣ ਦੇ ਕਾਰਨ ਉਨਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਤੇ ਫੋਰਮ ਨੇ ਸ਼ਿਕਾਇਤਕਰਤਾ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ ਸਬੂਤਾਂ ਨੂੰ ਦੇਖਣ ਦੇ ਬਾਅਦ ਬਿਸਕੁਟ ਬਣਾਉਣ ਵਾਲੀ ਕੰਪਨੀ ਦੀਆਂ ਸੇਵਾਵਾਂ 'ਚ ਕਮੀ ਠਹਿਰਾਉਂਦੇ ਹੋਏ ਉਨਾਂ ਨੂੰ 1 ਲੱਖ ਰੁਪਏ ਹਰਜਾਨਾ ਅਤੇ 5 ਹਜ਼ਾਰ ਰੁਪਏ ਕੇਸ ਖਰਚ ਵੀ ਅਦਾ ਕਰਨ ਦਾ ਆਦੇਸ਼ ਦਿੱਤਾ।

KamalJeet Singh

This news is Content Editor KamalJeet Singh