ਸੀ. ਆਈ. ਏ. ਸਟਾਫ ਨੇ 260 ਗ੍ਰਾਮ ਹੈਰੋਇਨ ਤੇ ਪਿਸਟਲ ਸਮੇਤ ਸਮੱਗਲਰ ਕੀਤਾ ਕਾਬੂ

04/13/2021 12:12:32 PM

ਫ਼ਿਰੋਜ਼ਪੁਰ (ਕੁਮਾਰ)-ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਇੰਸਪੈਕਟਰ ਇੰਚਾਰਜ ਅਭਿਨਵ ਚੌਹਾਨ ਦੀ ਅਗਵਾਈ ’ਚ ਇਕ ਵਿਅਕਤੀ ਨੂੰ 260 ਗ੍ਰਾਮ ਹੈਰੋਇਨ, ਇਕ ਪਿਸਟਲ, ਮੈਗਜ਼ੀਨ ਤੇ 6 ਜ਼ਿੰਦਾ ਕਾਰਤੂਸਾਂ ਸਮੇਤ ਗ਼੍ਰਿਫ਼ਤਾਰ ਕੀਤਾ ਹੈ, ਜਿਸ ਦੇ ਖ਼ਿਲਾਫ਼ ਥਾਣਾ ਕੈਂਟ ’ਚ ਐੱਨ. ਡੀ. ਪੀ. ਐੱਸ. ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸ਼੍ਰੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਇੰਸਪੈਕਟਰ ਅਭਿਨਵ ਚੌਹਾਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਸੋਨੂੰ ਉਰਫ ਟਿੱਡੀ ਵਾਸੀ ਪ੍ਰੇਮ ਨਗਰ ਨਜ਼ਦੀਕ ਕਾਨਵੈਂਟ ਸਕੂਲ ਕਥਿਤ ਤੌਰ ’ਤੇ  ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਸ ਨੇ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਿਆ ਹੋਇਆ ਹੈ, ਅੱਜ ਹੈਰੋਇਨ ਵੇਚਣ ਲਈ ਸਕੂਲ ਦੇ ਸਾਹਮਣੇ ਖਾਲੀ ਗਰਾਊਂਡ ’ਚ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਸੀ. ਆਈ. ਏ. ਸਟਾਫ ਨੇ ਜਦੋਂ ਦੱਸੀ ਗਈ ਥਾਂ ’ਤੇ ਰੇਡ ਮਾਰ ਕੇ ਨਾਮਜ਼ਦ ਨੂੰ ਕਾਬੂ ਕੀਤਾ ਤਾਂ ਤਲਾਸ਼ੀ ਲੈਣ ’ਤੇ ਉਸ ਕੋਲੋਂ 260 ਗ੍ਰਾਮ ਹੈਰੋਇਨ, ਇਕ ਪਿਸਟਲ, ਇਕ ਮੈਗਜ਼ੀਨ, 6 ਜ਼ਿੰਦਾ ਕਾਰਤੂਸ ਤੇ ਇਕ ਐਕਟਿਵਾ ਸਕੂਟਰ ਬਰਾਮਦ ਹੋਇਆ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਤਕਰੀਬਨ 1 ਕਰੋੜ 30 ਲੱਖ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Anuradha

This news is Content Editor Anuradha