ਫਿਰੋਜ਼ਪੁਰ ਸੀ.ਆਈ.ਏ. ਸਟਾਫ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਕਾਤਲ ਕਾਬੂ

10/08/2021 5:02:16 PM

ਫਿਰੋਜ਼ਪੁਰ (ਕੁਮਾਰ): ਐੱਸ.ਐੱਸ.ਪੀ. ਫਿਰੋਜ਼ਪੁਰ ਸ. ਰਾਜਪਾਲ ਸਿੰਘ ਸੰਧੂ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਤੇ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ 22 ਅਗਸਤ 2018 ਦੀ ਰਾਤ ਨੂੰ ਮੁਖਵਿੰਦਰ ਸਿੰਘ ਦੇ ਹੋਏ ਬਲਾਈਂਡ ਮਰਡਰ ਦੀ ਗੁੱਥੀ ਸੁਲਝਾ ਲਈ ਹੈ ਅਤੇ ਕਥਿਤ ਕਾਤਲ ਨੂੰ ਹਿਰਾਸਤ ਵਿਚ ਲੈਂਦੇ ਹੋਏ ਪੁਲਸ ਨੇ ਉਸ ਤੋਂ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਐੱਸ.ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਮ੍ਰਿਤਕ ਮੁਖਵਿੰਦਰ ਸਿੰਘ ਦੇ ਬੇਟੇ ਗੁਰਜੰਟ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 22 ਅਗਸਤ 2018 ਦੀ ਰਾਤ ਨੂੰ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਚਾਚੇ ਦੀ ਬੇਟੀ ਦੀ ਸ਼ਾਦੀ ਨੂੰ ਜਾਗੋ ਪ੍ਰੋਗਰਾਮ ਤੋਂ ਪ੍ਰਤਾਪ ਨਗਰ ਚੁੰਗੀ ਨੰ: 8 ਵੱਲ ਆਪਣੇ ਘਰ ਜਾ ਰਹੇ ਸੀ ਤਾਂ ਫਰੀਦਕੋਟ ਵੱਲੋਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਦੇ ਨਾਲ ਆਉਂਦੀ ਵਰਨਾ ਕਾਰ ਦੇ ਡਰਾਈਵਰ ਨੇ ਉਸਦੇ ਪਿਤਾ ਮੁਖਵਿੰਦਰ ਸਿੰਘ ਨੂੰ ਫੇਟ ਮਾਰ ਦਿੱਤੀ ਤੇ ਉਸਦਾ ਪਿਤਾ ਡਿੱਗ ਪਿਆ।

ਉਨ੍ਹਾਂ ਨੇ ਕਾਰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਵਰਨਾ ਕਾਰ ਡਰਾਈਵਰ ਨੇ ਮਾਰ ਦੇਣ ਦੀ ਨੀਅਤ ਨਾਲ ਉਨ੍ਹਾ ਤੇ ਸਿੱਧੇ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਫਾਇਰ ਸ਼ਿਕਾਇਤਕਰਤਾ ਦੇ ਪਿਤਾ ਮੁਖਵਿੰਦਰ ਸਿੰਘ ਦੇ ਪੱਟ ਵਿਚ ਜਾ ਲੱਗਿਆ, ਜਿਸ ਨਾਲ ਉਸਦੀ ਮੌਤ ਹੋ ਗਈ ਅਤੇ ਇਸ ਘਟਨਾ ਨੂੰ ਲੈ ਕੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਸਖਤ ਮਿਹਨਤ ਕਰਦੇ ਹੋਏ ਡੀ.ਐਸ.ਪੀ. ਜਗਦੀਸ਼ ਕੁਮਾਰ ਦੀ ਦੇਖ-ਰੇਖ ਹੇਠ ਇੰਸਪੈਕਟਰ ਜਤਿੰਦਰ ਸਿੰਘ ਅਤੇ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਇਸ ਮੁਕੱਦਮੇ ਨੂੰ ਟ੍ਰੇਸ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਸਪੈਸ਼ਲ ਜੇਲ੍ਹ ਵਿਚ ਬੰਦ ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਕਰਨ ਉਪਰੰਤ ਉਸ ਵੱਲੋਂ ਇਸ ਕਤਲ ਵਿਚ ਵਰਤਿਆ ਗਿਆ 32 ਬੋਰ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੇ ਖਿਲਾਫ ਥਾਣਾ ਟੋਹਾਣਾ, ਜ਼ਿਲ੍ਹਾ ਫਤੇਹਾਬਾਦ ਹਰਿਆਣਾ ਵਿਚ ਐਨਡੀਪੀਐਸ ਐਕਟ ਤਹਿਤ ਅਤੇ ਥਾਣਾ ਸਿਟੀ ਫਿਰੋਜ਼ਪੁਰ ਵਿਚ ਧੋਖਾਧੜੀ ਦੇ ਵੱਖ ਵੱਖ ਮਾਮਲੇ ਦਰਜ ਹਨ।


Shyna

Content Editor

Related News