ਚਾਈਨਾ ਡੋਰ ਨਾਲ ਵਕੀਲ ਦੇ ਜ਼ਖਮੀ ਹੋਣ ''ਤੇ ਸਮਰਾਲਾ ਬਾਰ ਨੇ ਲਿਆ ਸਖ਼ਤ ਨੋਟਿਸ

02/01/2020 6:38:32 PM

ਸਮਰਾਲਾ,(ਗਰਗ, ਬੰਗੜ)- ਸਥਾਨਕ ਪੁਲਸ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਖਿਲਾਫ਼ ਸਖ਼ਤੀ ਨਾਲ ਨਿਪਟਣ ਦੇ ਸਾਰੇ ਦਾਅਵੇ ਉਸ ਵੇਲੇ ਹਵਾ ਹੋ ਗਏ, ਜਦੋਂ ਹਵਾ 'ਚ ਉੱਡਦੀ ਇਸ 'ਖੂਨੀ ਡੋਰ' ਨੇ ਇਲਾਕੇ 'ਚ ਪਿਛਲੇ 48 ਘੰਟਿਆਂ ਦੌਰਾਨ ਇਕ ਤੋਂ ਬਾਅਦ ਇਕ 4 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈਂਦੇ ਹੋਏ ਜ਼ਖਮੀ ਕਰ ਦਿੱਤਾ ਹੈ। ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ 'ਚ ਸਥਾਨਕ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਨਿਰਮੈਲ ਸਿੰਘ ਵੀ ਸ਼ਾਮਲ ਹਨ, ਜੋ ਕਿ ਆਪਣੇ ਸਕੂਟਰ 'ਤੇ ਕਿਸੇ ਦੇ ਭੋਗ ਵਿੱਚ ਸ਼ਮੂਲੀਅਤ ਕਰਨ ਜਾਂਦੇ ਹੋਏ ਖੰਨਾ ਰੋਡ 'ਤੇ ਇਸ ਖ਼ਤਰਨਾਕ ਡੋਰ ਦੀ ਚਪੇਟ ਵਿੱਚ ਆ ਗਏ। ਉਨ੍ਹਾਂ ਦੀ ਅੱਖ ਨੇੜੇ ਅਤੇ ਗਲੇ ਤੋਂ ਇਲਾਵਾ ਹੱਥ ਦੀਆਂ ਉਂਗਲਾਂ 'ਤੇ ਚਾਈਨਾ ਡੋਰ ਨਾਲ ਕਈ ਚੀਰੇ ਆਏ। ਸਥਾਨਕ ਬਾਰ ਐਸੋਸੀਏਸ਼ਨ ਨੇ ਚਾਈਨਾ ਡੋਰ ਦੇ ਰੂਪ ਵਿੱਚ ਹਵਾ ਵਿੱਚ ਉੱਡਦੀ 'ਮੌਤ' 'ਤੇ ਪਾਬੰਦੀ ਲੱਗੇ ਹੋਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਦੇ ਇਸ ਡੋਰ ਦੀ ਵਿੱਕਰੀ ਰੋਕਣ 'ਚ ਪੂਰੀ ਤਰ੍ਹਾਂ ਅਸਫ਼ਲ ਰਹਿਣ 'ਤੇ ਸਖ਼ਤ ਨੋਟਿਸ ਲੈਂਦੇ ਹੋਏ ਆਪਣੇ ਵਕੀਲ ਸਾਥੀ ਸਮੇਤ ਗੰਭੀਰ ਜ਼ਖ਼ਮੀ ਹੋਏ ਤਿੰਨ ਹੋਰ ਵਿਅਕਤੀਆਂ ਨਾਲ ਵਾਪਰੇ ਇਸ ਹਾਦਸੇ ਲਈ ਸਿੱਧੇ ਤੌਰ 'ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਨਿਲ ਗੁਪਤਾ ਨੇ ਕਿਹਾ ਕਿ ਇਸ ਵਾਰ ਜਿਸ ਤਰ੍ਹਾਂ ਨਾਲ ਪਤੰਗਬਾਜ਼ਾਂ ਨੇ ਸ਼ਰੇਆਮ ਹਵਾ 'ਚ ਚਾਈਨਾ ਡੋਰ ਉਡਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ, ਉਸ ਨਾਲ ਕਈ ਕੀਮਤੀ ਜਾਨਾਂ ਅਜਾਈ ਜਾਣੋਂ ਬੜੀ ਮੁਸ਼ਕਿਲ ਨਾਲ ਬਚੀਆਂ ਹਨ। ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਲਾਕੇ 'ਚ ਕਈ ਵਿਅਕਤੀਆਂ ਦੇ ਚਾਈਨਾ ਡੋਰ ਨਾਲ ਗਲੇ ਵੱਢੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੁਲਸ ਆਪਣੀ ਡਿਊਟੀ ਨਿਭਾਉਣ 'ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰ ਦੇ ਮੈਂਬਰ ਐਡਵੋਕੇਟ ਨਿਰਮੈਲ ਸਿੰਘ ਨਾਲ ਚਾਈਨਾ ਡੋਰ ਕਰਕੇ ਵਾਪਰੇ ਹਾਦਸੇ ਲਈ ਬਾਰ ਐਸੋਸੀਏਸ਼ਨ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਅਤੇ ਨਾਲ ਹੀ ਇਹ ਮੰਗ ਵੀ ਕਰਦੀ ਹੈ ਕਿ ਹੁਣ ਤੱਕ ਸਮਰਾਲਾ ਇਲਾਕੇ ਵਿੱਚ ਚਾਈਨਾ ਡੋਰ ਨਾਲ ਵਿਅਕਤੀਆਂ ਦੇ ਜ਼ਖਮੀ ਹੋਣ ਦੇ ਜਿੰਨੇ ਵੀ ਹਾਦਸੇ ਵਾਪਰੇ ਹਨ, ਉਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਪੁਲਸ ਰਪਟ ਦਰਜ ਕਰਕੇ ਇਸ ਗੱਲ ਦੀ ਡੂੰਘੀ ਜਾਂਚ ਕਰੇ ਕਿ ਇਹ ਡੋਰ ਸ਼ਹਿਰ ਵਿੱਚ ਕਿੱਥੋਂ ਆਈ ਹੈ। ਉਨ੍ਹਾਂ ਨਾਲ ਹੀ ਇਸ ਡੋਰ ਨੂੰ ਵੇਚਣ ਵਾਲੇ ਦੁਕਾਨਦਾਰਾਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ਼ ਵੀ ਮਾਮਲੇ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।


Related News