ਬਾਲ ਸੁਰੱਖਿਆ ਖਤਰੇ ''ਚ ਕਿਸੇ ਵੇਲੇ ਵੀ ''ਫ਼ਤਿਹਵੀਰ'' ਵਰਗਾ ਵਾਪਰ ਸਕਦੈ ਹਾਦਸਾ

01/09/2020 4:33:16 PM

ਪਟਿਆਲਾ/ਰੱਖੜਾ (ਰਾਣਾ): ਛੋਟੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਜੇ ਇਹ ਭਵਿੱਖ ਖਤਰੇ 'ਚ ਹੋਵੇ ਤਾਂ ਜ਼ਿੰਮੇਵਾਰ ਕਿਸ ਨੂੰ ਸਮਝਿਆ ਜਾਵੇਗਾ? ਇਹ ਸਵਾਲ ਹਾਲੇ ਤੱਕ ਸਵਾਲ ਹੀ ਹੈ ਕਿਉਂਕਿ ਪਿੰਡ ਜੋਗੀਪੁਰ ਦਾ ਆਂਗਣਵਾੜੀ ਸੈਂਟਰ ਛੱਪੜ ਦੇ ਕੰਢੇ ਇਕ ਬਿਲਡਿੰਗ ਵਿਚ ਚੱਲ ਰਿਹਾ ਹੈ। ਛੋਟੇ ਬੱਚੇ ਆਪਣੇ ਘਰਾਂ ਤੋਂ ਸੈਂਟਰ ਤੱਕ ਪਹੁੰਚਣ ਲਈ ਬੜੇ ਉਤਸ਼ਾਹ ਨਾਲ ਦੌੜਦੇ ਹੋਏ ਛਾਲਾਂ ਮਾਰਦੇ ਆਉਂਦੇ ਹਨ। ਬਿਲਡਿੰਗ ਦੇ ਆਲੇ-ਦੁਆਲੇ ਜਾਂ ਛੱਪੜ ਦੇ ਦੁਆਲੇ ਕੋਈ ਦੀਵਾਰ ਜਾਂ ਵਾੜ ਨਾ ਹੋਣ ਕਾਰਣ ਛੋਟੇ ਬੱਚਿਆਂ ਦੀ ਜਾਨ ਨੂੰ ਖਤਰਾ ਹੈ। ਭਾਵੇਂ ਕਿ ਬੀਤੇ ਸਮੇਂ ਦੌਰਾਨ ਸੰਗਰੂਰ ਜ਼ਿਲੇ ਦੇ ਇਕ ਪਿੰਡ ਵਿਚ ਖੁੱਲ੍ਹੇ ਬੋਰਵੈੱਲ ਵਿਚ ਫਤਿਹਵੀਰ ਸਿੰਘ ਨਾਮਕ ਲੜਕੇ ਦੇ ਡਿੱਗ ਜਾਣ ਮਗਰੋਂ ਜ਼ਿਲਾ ਪ੍ਰਸ਼ਾਸਨ ਵਿਚ ਹਫੜਾ-ਦਫੜੀ ਮਚ ਗਈ ਸੀ। ਮਸ਼ੀਨਰੀ ਵਰਤਣ ਦੇ ਬਾਵਜੂਦ ਵੀ ਬੱਚਾ ਜੀਵਤ ਨਹੀਂ ਮਿਲਿਆ। ਜ਼ਿਲਾ ਪ੍ਰਸ਼ਾਸਨ ਅਤੇ ਸਮਾਜਕ ਸੁਰੱਖਿਆ, ਔਰਤ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਂਗਣਵਾੜੀ ਸੈਂਟਰ ਦੀ ਲੋਕੇਸ਼ਨ ਨੂੰ ਸੁਰੱਖਿਅਤ ਥਾਂ 'ਤੇ ਤਬਦੀਲ ਨਾ ਕਰਨਾ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਦਾ ਦਿਖਾਈ ਦੇ ਰਿਹਾ ਹੈ।

ਸੈਂਟਰ ਦੀ ਲੋਕੇਸ਼ਨ ਰਿਸਕੀ, ਪਰ ਇਹ ਪੰਚਾਇਤ ਦੇ ਅਧਿਕਾਰ ਖੇਤਰ 'ਚ : ਸੀ. ਡੀ. ਪੀ. ਓ.
ਪਿੰਡ ਜੋਗੀਪੁਰ ਵਿਚ ਆਂਗਣਵਾੜੀ ਸੈਂਟਰ ਛੱਪੜ ਕੰਢੇ ਬਣੇ ਹੋਣ ਦੇ ਮਾਮਲੇ ਸਬੰਧੀ ਜਦੋਂ ਸੀ. ਡੀ. ਪੀ. ਓ. ਰਮਨਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੈਂਟਰ ਦੀ ਲੋਕੇਸ਼ਨ ਰਿਸਕੀ ਹੈ, ਪਰ ਸੈਂਟਰ ਵਾਸਤੇ ਬਿਲਡਿੰਗ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਦੀ ਹੁੰਦੀ ਹੈ। ਅਸੀਂ ਮੌਜੂਦਾਂ ਸਰਪੰਚ ਨੂੰ ਇਹ ਬਿਲਿਡੰਗ ਤਬਦੀਲ ਕਰਨ ਵਾਸਤੇ ਕਹਿ ਚੁੱਕੇ ਹਾਂ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਗ੍ਰਾਂਮ ਪੰਚਾਇਤ ਇਸ ਬਿਲਡਿੰਗ ਵਿਚ ਸੈਂਟਰ ਚਲਾਉਣਾ ਚਾਹੁੰਦੀ ਹੈ ਤਾਂ ਨਰੇਗਾ ਸਕੀਮ ਵਿਚੋਂ ਸੈਂਟਰ ਦੇ ਆਲੇ-ਦੁਆਲੇ ਦੀਵਾਰ ਕਰ ਕੇ ਗੇਟ ਲਗਾਉਣ ਬਾਰੇ ਵੀ ਕਿਹਾ ਗਿਆ ਹੈ।

ਡਿਪਟੀ ਕਮਿਸ਼ਨਰ ਨੂੰ ਸੈਂਟਰ ਤਬਦੀਲ ਕਰਨ ਲਈ ਸੌਂਪਿਆ ਪੱਤਰ
ਸਮਾਜ ਸੇਵਕ ਅਤੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਕਿ ਪਿੰਡ ਜੋਗੀਪੁਰ ਦੇ ਆਂਗਣਵਾੜੀ ਸੈਂਟਰ ਨੂੰ ਤਬਦੀਲ ਕਰ ਕੇ ਪਿੰਡ 'ਚ ਕਿਸੇ ਸੁਰੱਖਿਅਤ ਸਥਾਨ 'ਤੇ ਖੋਲ੍ਹਿਆ ਜਾਵੇ ਤਾਂ ਜੋ ਛੋਟੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


Shyna

Content Editor

Related News