8 ਮਾਸੂਮ ਕੱਢੇ ਬਾਲ ਮਜ਼ਦੂਰੀ ਦੀ ਦਲ-ਦਲ ’ਚੋਂ

12/07/2018 5:17:40 AM

ਲੁਧਿਆਣਾ, (ਖੁਰਾਣਾ)- ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਕੰਨੂ ਗਰਗ ਦੀ ਪ੍ਰਧਾਨਗੀ ਵਿਚ ਜ਼ਿਲਾ ਟਾਸਕ ਫੋਰਸ ਦੀ ਟੀਮ ਨੇ ਅੱਜ ਲੁਧਿਆਣਾ ਅਤੇ ਸਮਰਾਲਾ ਵਿਚ 40 ਦੇ ਕਰੀਬ ਉਦਯੋਗਿਕ ਅਤੇ ਵਪਾਰਕ ਸੰਸਥਾਵਾਂ ’ਤੇ ਛਾਪੇਮਾਰੀ ਕਰ ਕੇ 8 ਮਾਸੂਮਾਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਇਆ।
ਹਫਤਾਵਾਰੀ ਮੁਹਿੰਮ ਤਹਿਤ ਹੋਈ ਕਾਰਵਾਈ : ਟੀਮ ਦਾ ਹਿੱਸਾ ਰਹੇ  ਵੱਖ-ਵੱਖ ਵਿਭਾਗਾਂ ਦੇ 8 ਅਧਿਕਾਰੀਆਂ ਨੇ ਐਂਟੀ ਹਿਊਮਨ ਟ੍ਰੈਫੀਕਿੰਗ ਵਿੰਗ ਦੇ ਇੰਚਾਰਜ ਐੱਸ. ਆਈ. ਜਤਿੰਦਰ ਸਿੰਘ ਦੀ ਪੁਲਸ ਪਾਰਟੀ ਨਾਲ ਬਾਲ ਮਜ਼ਦੂਰੀ ਵਿਰੋਧੀ ਛੇਡ਼ੀ ਗਈ ਹਫਤਾਵਾਰੀ ਮੁਹਿੰਮ ਤਹਿਤ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਬਚਪਨ ਬਚਾਓ ਸੰਘਰਸ਼ ਸੰਸਕਾ ਦੇ ਵਲੰਟੀਅਰ ਸੰਨੀ ਵੱਲੋਂ ਸ਼ਹਿਰ ਦੇ ਵਪਾਰਕ ਅਤੇ ਉਦਯੋਗਿਕ ਸੰਸਥਾਵਾਂ ਵਿਚ ਪਣਪ ਰਹੀ ਬਾਲ ਮਜ਼ਦੂਰੀ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਸੌਂਪੀ ਗਈ ਸੀ, ਜਿਸ ਦੇ ਅਾਧਾਰ ’ਤੇ ਅੱਜ ਟਾਸਕ ਫੋਰਸ ਟੀਮ ਨੇ ਬਹਾਦਰਕੇ ਰੋਡ, ਕਾਕੋਵਾਲ ਰੋਡ ਅਤੇ ਰਾਹੋਂ ਰੋਡ ਇਲਾਕਿਆਂ ’ਚ ਪੈਂਦੀਆਂ ਵੱਖ-ਵੱਖ ਫੈਕਟਰੀਆਂ ’ਚ ਤਾਬਡ਼ਤੋਡ਼ ਛਾਪੇਮਾਰੀ ਕਰ ਕੇ 8 ਮਾਸੂਮਾਂ ਨੂੰ ਬਾਲ ਮਜ਼ਦੂਰੀ ਦੀ ਕੈਦ ਤੋਂ ਬਾਹਰ ਕੱਢਣ ਦਾ ਦਾਅਵਾ ਕੀਤਾ ਹੈ। ਲੇਬਰ ਵਿਭਾਗ ਫੈਕਟਰੀ ਵਿੰਗ ਦੇ ਸਹਾਇਕ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਛੁਡਵਾਏ ਗਏ ਸਾਰੇ ਬੱਚਿਆਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਬੱਚਿਆਂ ਨੂੰ ਚਾਇਲਡ ਵੈੱਲਫੇਅਰ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
ਦੋਸ਼ੀ ਪਾਏ ਜਾਣ ਵਾਲੇ ਮਾਲਕਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
ਬਾਲ ਅਧਿਕਾਰ ਕਮਿਸ਼ਨ ਪੰਜਾਬ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਸਖਤ ਰੁਖ ਅਖਤਿਆਰ ਕਰਦਿਅਾਂ  ਕਿਹਾ ਕਿ ਮਹਾਨਗਰ ਦੀਆਂ ਉਦਯੋਗਿਕ ਅਤੇ ਵਪਾਰਕ ਸੰਸਥਾਵਾਂ ’ਚ ਬਾਲ ਮਜ਼ਦੂਰੀ ਵਰਗੇ ਗੰਭੀਰ ਅਪਰਾਧ ਨੂੰ ਉਤਸ਼ਾਹ ਦੇਣ ਵਾਲੇ ਦੋਸ਼ੀ ਮਾਲਕਾਂ ਖਿਲਾਫ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਕਿਸੇ ਦੋਸ਼ੀ ਵਿਅਕਤੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ।