ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਨਾਲ ਮਾਸੂਮ ਬੱਚੀ ਦੀ ਮੌਤ

09/23/2019 11:10:49 PM

ਖਮਾਣੋਂ, (ਜਟਾਣਾ)— ਪਿੰਡ ਕਕਰਾਲਾ ਕਲਾਂ ਵਿਖੇ ਇਕ ਛੋਟੀ ਬੱਚੀ ਜਸਲੀਨ ਕੌਰ (2) ਦੀ ਇਕ ਪ੍ਰਾਈਵੇਟ ਸਕੂਲ ਦੀ ਵੈਨ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਪ੍ਰਾਈਵੇਟ ਸਕੂਲ ਦੀ ਵੈਨ ਬੱਚੇ ਨੂੰ ਛੁੱਟੀ ਹੋਣ ਤੋਂ ਬਾਅਦ ਪਿੰਡ ਵਿਚ ਛੱਡਣ ਆਈ। ਸਕੂਲ ਵਿਚ ਪੜ੍ਹਦੇ ਬੱਚੇ ਨੂੰ ਜਦੋਂ ਮਾਂ ਬੱਸ ਵਿਚੋਂ ਉਤਾਰ ਰਹੀ ਸੀ ਤਾਂ ਉਸਦੇ ਪਿੱਛੇ ਹੀ ਇਕ ਦੋ ਸਾਲਾ ਬੱਚੀ ਵੀ ਨਾਲ ਆ ਗਈ। ਪਿੱਛੇ ਆ ਰਹੀ ਬੱਚੀ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ, ਮਾਂ ਵਲੋਂ ਬੱਚੇ ਨੂੰ ਵੈਨ ਵਿਚੋਂ ਉਤਾਰਨ ਤੋਂ ਬਾਅਦ ਜਦੋਂ ਵੈਨ ਚੱਲਣ ਲੱਗੀ ਤਾਂ ਛੋਟੀ ਬੱਚੀ ਦੀ ਅਚਾਨਕ ਹੀ ਵੈਨ ਦੇ ਟਾਇਰਾਂ ਹੇਠ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਘਟਨਾ ਦਾ ਪਤਾ ਲਗਦੇ ਸਾਰ ਹੀ ਪਿੰਡ ਦੇ ਲੋਕ ਘਟਨਾ ਸਥਾਨ 'ਤੇ ਪਹੁੰਚੇ ਅਤੇ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਸਿੰਕਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਪਰ ਬੱਚੀ ਦੇ ਮਾਪਿਆਂ ਦੁਆਰਾ ਕੋਈ ਵੀ ਕਾਰਵਾਈ ਨਾ ਕਰਵਾਉਣ 'ਤੇ ਪੁਲਸ ਨੇ ਬੱਚੀ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਦੁਆਰਾ ਕਾਰਵਾਈ ਨਾ ਕਰਵਾਉਣ ਦੇ ਬਿਆਨ ਕਲਮਬੱਧ ਕਰਵਾਏ ਗਏ ਹਨ।

KamalJeet Singh

This news is Content Editor KamalJeet Singh