ਫਿਰੋਜ਼ਪੁਰ ਕਲਾਂ ਦੀ ਬਜਾਏ ਫਿਰੋਜ਼ਪੁਰ ਪਹੁੰਚ ਗਿਆ ਪਠਾਨਕੋਟ ਦਾ ਬੱਚਾ

02/23/2018 1:12:03 PM


ਫਿਰੋਜ਼ਪੁਰ (ਮਲਹੋਤਰਾ) - ਪਠਾਨਕੋਟ ਦੇ ਪਿੰਡ ਫਿਰੋਜ਼ਪੁਰ ਕਲਾਂ ਦਾ ਰਹਿਣ ਵਾਲਾ ਬੱਚਾ ਗਲਤੀ ਨਾਲ ਫਿਰੋਜ਼ਪੁਰ ਕੈਂਟ ਦੀ ਰੇਲਗੱਡੀ ਵਿਚ ਚੜ੍ਹ ਗਿਆ ਤੇ ਇੱਥੇ ਪੁੱਜ ਗਿਆ। ਇਸ ਮੌਕੇ ਆਰ. ਪੀ. ਐੱਫ. ਵਲੋਂ ਬੱਚੇ ਦੇ ਗਲਤੀ ਨਾਲ ਇੱਥੇ ਪੁੱਜਣ ਦੀ ਜਾਣਕਾਰੀ ਚਾਈਲਡ ਹੈਲਪਲਾਈਨ ਨੂੰ ਦਿੱਤੀ ਗਈ। ਟੀਮ ਨੇ ਬੱਚੇ ਦੀ ਕਾਊਂਸਲਿੰਗ ਕੀਤੀ ਤਾਂ ਪਤਾ ਲੱਗਾ ਕਿ ਉਹ ਪਠਾਨਕੋਟ ਦੇ ਪਿੰਡ ਫਿਰੋਜ਼ਪੁਰ ਕਲਾਂ ਦਾ ਰਹਿਣ ਵਾਲਾ ਹੈ ਤੇ ਆਪਣੇ ਪਿੰਡ ਜਾਣ ਵਾਲੀ ਟਰੇਨ ਵਿਚ ਚੜ੍ਹਨ ਦੀ ਬਜਾਏ ਫਿਰੋਜ਼ਪੁਰ ਕੈਂਟ ਦੀ ਟਰੇਨ ਚੜ੍ਹ ਗਿਆ। ਟੀਮ ਕੋਆਰਡੀਨੇਟਰ ਅਮਨਦੀਪ ਸਿੰਘ, ਅਮਰੀਕ ਸਿੰਘ ਤੇ ਪੰਕਜ ਨੇ ਦੱਸਿਆ ਕਿ ਬੱਚੇ ਨਾਲ ਗੱਲਬਾਤ ਦੇ ਆਧਾਰ 'ਤੇ ਟੀਮ ਨੇ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਬੱਚੇ ਦੇ ਪਿਤਾ ਦਾ ਨਾਮ ਤਿਲਕ ਰਾਜ ਹੈ ਤੇ ਉਹ ਪਿੰਡ ਵਿਚ ਲੱਕੜਾਂ ਕੱਟਣ ਦਾ ਕੰਮ ਕਰਦਾ ਹੈ। ਸਰਪੰਚ ਬੱਚੇ ਦੇ ਮਾਤਾ-ਪਿਤਾ ਨੂੰ ਨਾਲ ਲੈ ਕੇ ਵੀਰਵਾਰ ਫਿਰੋਜ਼ਪੁਰ ਪੁੱਜਿਆ ਤੇ ਪੂਰੀ ਤਸੱਲੀ ਤੋਂ ਬਾਅਦ ਟੀਮ ਨੇ ਬੱਚਾ ਉਨ੍ਹਾਂ ਦੇ ਹਵਾਲੇ ਕੀਤਾ।