ਲੌਂਗੋਵਾਲ ਨੇ ਢੀਂਡਸਾ ਨੂੰ ਕੀਤਾ ਖੁੱਲ੍ਹਾ ਚੈਲੰਜ, ਕਿਹਾ- ਜਦੋਂ ਮਰਜ਼ੀ ਕਰਵਾ ਲਿਓ ਜਾਂਚ

01/30/2020 10:02:06 AM

ਚੀਮਾ ਮੰਡੀ (ਗੋਇਲ) : ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕਰੋੜਾਂ ਦੇ ਘਪਲਿਆਂ ਤੇ ਭ੍ਰਿਸ਼ਟਾਚਾਰ ਸਬੰਧੀ ਦਿੱਤੇ ਬਿਆਨ 'ਤੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਢੀਂਡਸਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਢੀਂਡਸਾ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪਰ ਫਿਰ ਵੀ ਉਨ੍ਹਾਂ ਨੂੰ ਉਹ ਖੁੱਲ੍ਹਾ ਚੈਲੰਜ ਕਰਦੇ ਹਨ ਕਿ ਉਹ ਇਸ ਦੀ ਜਦੋਂ ਮਰਜ਼ੀ ਜਾਂਚ ਕਰਵਾ ਲੈਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਰ ਕੰਮ ਪਾਰਦਰਸ਼ੀ ਢੰਗ ਨਾਲ ਪ੍ਰਵਾਨਗੀ ਮਿਲਣ ਤੋਂ ਬਾਅਦ ਹੁੰਦਾ ਹੈ। ਉਥੇ ਹੀ ਉਨ੍ਹਾਂ ਮਸਤੂਆਣਾ ਸਾਹਿਬ ਟਰੱਸਟ ਸਬੰਧੀ ਜਾਂਚ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਮੰਗ ਨਹੀਂ, ਉਨ੍ਹਾਂ ਨੇ ਇਹ ਗੱਲ ਜਥੇਦਾਰ ਭਾਈ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਦਿੱਤੇ ਮੰਗ ਪੱਤਰ ਬਾਰੇ ਉਨ੍ਹਾਂ ਨੂੰ ਵਿਸ਼ਵਾਸ ਦਿੰਦਿਆਂ ਕਹੀ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਊਦੇ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ।

ਦੱਸ ਦੇਈਏ ਕਿ ਸੁਖਦੇਵ ਢੀਂਡਸਾ ਨੇ ਬਿਆਨ ਦਿੱਤਾ ਸੀ ਕਿ ਲੌਂਗੋਵਾਲ ਐੱਸ. ਜੀ. ਪੀ. ਸੀ. ਨੂੰ ਹੜੱਪਣਾ ਚਾਹੁੰਦੇ ਹਨ, ਜਿਸ ਦੇ ਚੱਲਦੇ ਕਰੋੜਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਢੀਂਡਸਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਜਲਦੀ ਹੀ ਐੱਸ. ਜੀ. ਪੀ. ਸੀ. 'ਚ ਹੋਏ ਕਰੋੜਾਂ ਦੇ ਘਪਲੇ ਦੀ ਪੋਲ ਖੋਲ੍ਹਣਗੇ।

cherry

This news is Content Editor cherry