ਜੇਲ ਮੰਤਰੀ ਦੇ ਨਿਰਦੇਸ਼ਾਂ ''ਤੇ ਨਾਭਾ ਜੇਲ ਦੀ ਚੈਕਿੰਗ

10/03/2019 4:22:11 PM

ਨਾਭਾ (ਜੈਨ)—ਉੱਤਰੀ ਭਾਰਤ ਦੀ ਇਕਲੌਤੀ ਓਪਨ ਖੇਤੀਬਾੜੀ ਜੇਲ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇਕ ਦਰਜਨ ਤੋਂ ਵੱਧ ਕੈਦੀਆਂ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਭੁੱਖ ਹੜਤਾਲ ਅਤੇ ਧਰਨਾ ਖਤਮ ਹੋ ਗਿਆ ਹੈ। ਵਰਨਣਯੋਗ ਹੈ ਕਿ ਵੱਖ-ਵੱਖ ਜੇਲਾਂ ਵਿਚ ਬੰਦ ਜਿਹੜੇ ਕੈਦੀਆਂ ਦਾ ਆਚਰਨ ਚੰਗਾ ਹੁੰਦਾ ਹੈ, ਉਨ੍ਹਾਂ ਦੀ 5 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਥੇ ਭੇਜ ਦਿੱਤਾ ਜਾਂਦਾ ਹੈ। ਇਸ ਓਪਨ ਜੇਲ ਵਿਚ ਆਉਣ ਲਈ ਸੀ. ਐੱਮ. ਦਫ਼ਤਰ ਅਤੇ ਜੇਲ ਮੰਤਰੀ ਦੀ ਕਥਿਤ ਸਿਫਾਰਸ਼ ਚਲਦੀ ਹੈ। ਹੜਲ ਅਤੇ ਧਰਨਾ ਦੇਣ ਵਾਲੇ ਕੈਦੀਆਂ ਦੀ ਅਗਵਾਈ ਸੁਖਮਿੰਦਰ ਸੁੱਖੀ (ਸੰਗਰੂਰ), ਨਵਦੀਪ ਸਿੰਘ ਫੌਜੀ (ਰੋਪੜ) ਅਤੇ ਰਣਜੋਤ ਸਿੰਘ ਜੋਧਾ ਕਰ ਰਹੇ ਸਨ। ਇਨ੍ਹਾਂ ਬਾਰੇ ਜੇਲ ਅਧਿਕਾਰੀਆਂ ਨੇ ਰਿਪੋਰਟ ਸਰਕਾਰ ਨੂੰ ਭੇਜੀ ਹੈ।

ਸੁਪਰਡੈਂਟ ਸੁੱਚਾ ਸਿੰਘ ਅਨੁਸਾਰ ਮੋਟਰਾਂ/ਟਿਊਬਵੈੱਲਾਂ 'ਤੇ ਕੰਮ ਕਰਦੇ 15 ਕੈਦੀਆਂ ਨੇ ਧਰਨੇ ਵਿਚ ਹਿੱਸਾ ਨਹੀਂ ਲਿਆ ਸੀ। ਦੂਜੇ ਪਾਸੇ ਜੇਲ ਵਿਚ ਪਿਛਲੇ 11 ਸਾਲਾਂ ਤੋਂ ਬੰਦ ਉਮਰ ਕੈਦੀ ਜਸਪਾਲ ਸਿੰਘ (ਡੀ. ਐੱਸ. ਪੀ. ਪੁਲਸ) ਨੇ ਵੀ ਭੁੱਖ ਹੜਤਾਲ ਵਿਚ ਹਿੱਸਾ ਨਹੀਂ ਲਿਆ। ਉਸ ਨੂੰ ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿਚ ਸਜ਼ਾ ਹੋਈ ਸੀ। ਸੀ. ਬੀ. ਆਈ. ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਨੇ ਉਸ ਨੂੰ ਡਿਸਮਿਸ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਵੱਲੋਂ ਜਸਪਾਲ ਸਿੰਘ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਈ ਨਹੀਂ ਕੀਤੀ ਗਈ। ਉਸ ਦਾ ਜੇਲ ਵਿਚ ਆਚਰਨ ਚੰਗਾ ਹੈ। ਇਸ ਸਮੇਂ ਜੇਲ ਵਿਚ ਸਿਰਫ 11 ਮੁਲਾਜ਼ਮ ਹਨ।

ਜੇਲ ਸੁਪਰਡੈਂਟ ਨੇ ਦੱਸਿਆ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਬੈਰਕਾਂ ਦੀ ਤਲਾਸ਼ੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਮੋਬਾਇਲਾਂ ਦੀ ਵਰਤੋਂ ਰੋਕੀ ਜਾਏ। ਇਸ ਤਲਾਸ਼ੀ ਤੋਂ ਹੀ ਕੁਝ ਕੈਦੀ ਭੜਕੇ ਸਨ। ਜੇਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਕਰ ਕਿਸੇ ਕੈਦੀ ਦਾ ਇਕ ਵਾਰੀ ਨਕਸ਼ਾ ਅਤੇ ਪੁਲਸ ਰਿਪੋਰਟ ਰੱਦ ਹੋ ਜਾਵੇ ਤਾਂ ਉਸ ਨੂੰ 5 ਸਾਲ ਦਾ ਹੋਰ ਸਮਾਂ ਜੇਲ ਵਿਚ ਬਤੀਤ ਕਰਨਾ ਪੈਂਦਾ ਹੈ। ਸੂਤਰਾਂ ਅਨੁਸਾਰ ਧਰਨਾ ਦੇਣ ਵਾਲੇ ਕੈਦੀਆਂ ਖਿਲਾਫ ਸਰਕਾਰ ਹੁਣ ਸਖਤ ਸਟੈਂਡ ਲੈਣ ਦੇ ਰੌਂਅ ਵਿਚ ਹੈ।


Shyna

Content Editor

Related News