ਮੂਸੇਵਾਲਾ ਕਤਲਕਾਂਡ ਦੇ 40 ਗਵਾਹ, 15 ਮੁਲਜ਼ਮਾਂ ਖ਼ਿਲਾਫ਼ FIR, ਚਾਰਜਸ਼ੀਟ 'ਚ ਖੁੱਲ੍ਹਣਗੇ ਸਾਰੇ ਰਾਜ਼

08/19/2022 11:21:10 AM

ਮਾਨਸਾ(ਜੱਸਲ) : ਸਿੱਧੂ ਮੂਸੇਵਾਲਾ ਕਤਲ ਕੇਸ ’ਚ ਦਾਖ਼ਲ ਚਾਰਜਸ਼ੀਟ ’ਚ ਇਸ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਸਮੇਤ 15 ਲੋਕਾਂ ਦੇ ਨਾਂ ਸ਼ਾਮਲ ਹਨ। ਪੁਲਸ ਵੱਲੋਂ 40 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਪੁਲਸ ਨੇ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨਾ ਕੋਲੋਂ ਬਰਾਮਦ ਕੀਤੇ ਹਥਿਆਰ ਅਤੇ ਸੀ. ਸੀ. ਟੀ. ਵੀ. ਫੁਟੇਜ਼ ਨੂੰ ਸਬੂਤ ਵਜੋਂ ਰੱਖਿਆ ਹੈ। ਅਧਿਕਾਰੀਆਂ ਮੁਤਾਬਕ ਲਾਰੈਂਸ ਤੋਂ ਇਲਾਵਾ ਚਾਰਜਸ਼ੀਟ ’ਚ ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਸੰਦੀਪ ਕੇਕੜਾ, ਦੀਪਕ ਟੀਨੂੰ, ਸਚਿਨ ਭਿਵਾਨੀ, ਕੇਸ਼ਵ, ਅੰਕਿਤ ਸੇਰਸਾ, ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਮੁਕਾਬਲੇ ’ਚ ਮਾਰੇ ਗਏ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨਾ ਦੇ ਨਾਂ ਵੀ ਸ਼ਾਮਲ ਹਨ। ਗੌਰਤਲਬ ਹੈ ਕਿ 6 ਗੈਂਗਸਟਰਾਂ ਵਿੱਚੋਂ ਪੁਲਸ ਨੇ 3 ਨੂੰ ਕਾਬੂ ਕਰ ਲਿਆ ਸੀ, ਜਦਕਿ 2 ਪੁਲਸ ਮੁਕਾਬਲੇ ਵਿਚ ਮਾਰੇ ਗਏ ਸਨ। ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਦੀਪਕ ਟੀਨੂੰ ਫਰਾਰ ਹੈ।

ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਤੈਸ਼ 'ਚ ਆਏ ਭਾਣਜੇ ਨੇ ਗੰਡਾਸੇ ਮਾਰ ਕੀਤਾ ਮਾਮੇ ਦਾ ਕਤਲ

ਪੁਲਸ ਅਧਿਕਾਰੀਆਂ ਮੁਤਾਬਕ ਮੂਸੇਵਾਲਾ ਦੇ ਕਤਲ ਵਾਲੇ ਦਿਨ ਥਾਰ ਵਿਚ ਉਸ ਦੇ ਨਾਲ ਬੈਠੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਕੁਝ ਸਮੇਂ ਬਾਅਦ ਇਸ ਕਤਲੇਆਮ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ। ਮਾਮਲੇ ਵਿਚ ਪੰਜਾਬ ਪੁਲਸ ਨੇ ਕਤਲ ਵਾਲੇ ਦਿਨ ਤਿੰਨ ਮੈਂਬਰੀ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਪਰ ਉਸੇ ਦਿਨ ਇਸ ਦਾ ਪੁਨਰਗਠਨ 6 ਮੈਂਬਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਦਾ ਕੰਮ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਇਲਾਵਾ 10 ਵੱਖ-ਵੱਖ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ, ਜਿਸ ਮਗਰੋਂ ਮਾਮਲਾ ਸੁਲਝਾ ਲਿਆ ਗਿਆ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News