ਸਿਹਤ ਮੰਤਰੀ ਜੋੜਾਮਾਜਰਾ ਦੀ ਦੋ-ਟੁਕ, ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ

07/11/2022 3:47:51 PM

ਪਟਿਆਲਾ (ਰਾਜੇਸ਼ ਪੰਜੋਲੀ) : ਉੱਤਰ ਖੇਤਰੀ ਅੰਤਰਰਾਜ਼ੀ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਵਾਸਤੇ ਚੰਡੀਗਡ਼੍ਹ ’ਚ ਜ਼ਮੀਨ ਦੇਣ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ’ਚ ਟਵੀਟ ਰਾਹੀਂ ਪੰਜਾਬ ਵਿਧਾਨ ਸਭਾ ਲਈ ਚੰਡੀਗੜ੍ਹ ’ਚ ਥਾਂ ਦੇਣ ਦੀ ਮੰਗ ਕੀਤੀ ਹੈ, ਉਥੇ ਹੀ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਮੁੱਖ ਮੰਤਰੀ ਤੋਂ ਵੱਖਰਾ ਅਤੇ ਮਜ਼ਬੂਤ ਸਟੈਂਡ ਲੈਂਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ, ਇਸ ਕਰ ਕੇ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੀ ਨਹੀਂ ਬਣਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੁੱਤ ਦੀ ਸੱਪ ਦੇ ਡੰਗਣ ਨਾਲ ਮੌਤ, ਫੁੱਲ ਚੁਗਦਿਆਂ ਪਿਓ ਨੇ ਵੀ ਤੋੜਿਆ ਦਮ

ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦੇ ਹਏ ਸਿਹਤ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੀ ਹੈ ਅਤੇ ਪੰਜਾਬ ਦਾ ਹੀ ਰਹੇਗਾ। ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਹੈ, ਜੋ ਬਟਵਾਰੇ ਦੌਰਾਨ ਵੱਖਰਾ ਹੋ ਗਿਆ ਸੀ। ਵਿਧਾਨ ਸਭਾ ਦਾ ਪੂਰਾ ਕੰਪਲੈਕਸ ਹੀ ਪੰਜਾਬ ਦਾ ਹੈ, ਜੋ ਭਾਈਚਾਰਕ ਤੌਰ ’ਤੇ ਹਰਿਆਣਾ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਚਕੂਲਾ, ਫਰੀਦਾਬਾਦ ਜਾਂ ਫਿਰ ਕੁਰੂਕਸ਼ੇਤਰ ’ਚ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਨਿਰਮਾਣ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਕੀਤਾ ਗਿਆ ਸੀ। ਲਿਹਾਜ਼ਾ ਚੰਡੀਗੜ੍ਹ ਦੀ ਇਕ-ਇਕ ਇੰਚ ਜ਼ਮੀਨ ਪੰਜਾਬ ਦੀ ਹੈ।

ਇਹ ਵੀ ਪੜ੍ਹੋ:  ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਂਦਰ ਸਕਰਾਰ ਨੇ ਹਰਿਆਣਾ ਦੀ ਮੰਗ ’ਤੇ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪੰਜਾਬ ਲਈ ਵੱਖਰੀ ਜ਼ਮੀਨ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਦਾ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਇਸ ਵਿਚਾਲੇ ਪੰਜਾਬ ਦੇ ਮੰਤਰੀ ਨੇ ਵੀ ਵੱਖਰਾ ਬਿਆਨ ਦੇ ਕੇ ਸਿਆਸੀ ਗਲਿਆਰਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। 

ਇਹ ਵੀ ਪੜ੍ਹੋ: ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News