ਕੇਂਦਰੀ ਜੇਲ ''ਚ ਨਹੀਂ ਰੁਕ ਰਿਹਾ ਮੋਬਾਇਲ ਮਿਲਣ ਦਾ ਸਿਲਸਿਲਾ

01/11/2020 12:07:21 PM

ਪਟਿਆਲਾ (ਬਲਜਿੰਦਰ): ਕੇਂਦਰੀ ਜੇਲ ਪਟਿਆਲਾ ਵਿਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਇਕ ਹਫਤੇ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਮੋਬਾਇਲ ਬਰਾਮਦ ਹੋ ਚੁੱਕੇ ਹਨ। ਇਸੇ ਸਿਲਸਿਲੇ ਵਿਚ ਵੱਖ-ਵੱਖ ਕੇਸਾਂ 'ਚ ਬੀਤੇ ਕੱਲ ਵੀ 2 ਮੋਬਾਇਲ ਬਰਾਮਦ ਹੋਏ।

ਇਨ੍ਹਾਂ 'ਚ ਪਹਿਲੇ ਕੇਸ ਵਿਚ ਹਵਾਲਾਤੀ ਹਰਪਾਲ ਰਾਮ ਪੁੱਤਰ ਜਗੀਰਾ ਰਾਮ ਵਾਸੀ ਪਿੰਡ ਗਾਜ਼ੀ ਸਲਾਰ ਥਾਣਾ ਸਦਰ ਪਟਿਆਲਾ ਖਿਲਾਫ 52-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਉਸ ਤੋਂ ਤਲਾਸ਼ੀ ਲੈਣ 'ਤੇ ਇਕ ਸੈਮਸੰਗ ਦਾ ਮੋਬਾਇਲ ਡਬਲ ਸਿਮ ਵਾਲਾ ਸਮੇਤ ਬੈਟਰੀ ਬਰਾਮਦ ਹੋਇਆ।

ਦੂਜੇ ਕੇਸ ਵਿਚ ਹਵਾਲਾਤੀ ਜਸਪ੍ਰੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਡਾਡੀ ਥਾਣਾ ਕੀਰਤਪੁਰ ਸਾਹਿਬ ਜ਼ਿਲਾ ਰੂਪਨਗਰ ਕੋਲੋਂ ਬਰਾਮਦ ਕੀਤਾ ਗਿਆ। ਜੇਲ ਪ੍ਰਸ਼ਾਸਨ ਅਨੁਸਾਰ ਉਸ ਕੋਲੋਂ ਵੀ ਤਲਾਸ਼ੀ ਦੌਰਾਨ ਇਕ ਵੀਵੋ ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਬਰਾਮਦ ਹੋਇਆ। ਦੋਵਾਂ ਮਾਮਲਿਆਂ ਵਿਚ ਸਹਾਇਕ ਸੁਪਰਡੈਂਟ ਚਰਨ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ 52-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪਿਛਲੇ ਇਕ ਹਫਤੇ ਦੌਰਾਨ ਕੇਂਦਰੀ ਜੇਲ ਪਟਿਆਲਾ 'ਚੋਂ ਲਗਾਤਾਰ ਮੋਬਾਇਲ ਬਰਾਮਦ ਹੋ ਰਹੇ ਹਨ। ਪਿਛਲੇ 2 ਦਿਨਾਂ ਵਿਚ 2 ਗੈਂਗਸਟਰਾਂ ਕੋਲੋਂ ਵੀ ਮੋਬਾਇਲ ਫੜੇ ਗਏ ਹਨ। ਜੇਕਰ ਜੇਲ ਵਿਚ ਸ਼ਰੇਆਮ ਮੋਬਾਇਲ ਵਰਤੇ ਜਾ ਰਹੇ ਹਨ ਜੇਲ ਪ੍ਰਸ਼ਾਸਨ ਕੀ ਕਰ ਰਿਹਾ ਹੈ?

ਇਸੇ ਤਰ੍ਹਾਂ ਬੀਤੇ ਕੱਲ ਇਕ ਵਿਅਕਤੀ ਟਾਵਰ ਨੰਬਰ 4-5 ਵਿਚਕਾਰ ਕਾਲੇ ਰੰਗ ਦੇ ਟੇਪ ਨਾਲ ਲਪੇਟੇ ਹੋਏ ਪੈਕੇਟ ਸੁੱਟ ਗਿਆ। ਜਦੋਂ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਵਿਚੋਂ 27 ਜਰਦੇ ਦੀਆਂ ਪੁੜੀਆਂ ਅਤੇ ਇਕ ਸੈਮਸੰਗ ਕੰਪਨੀ ਦਾ ਮੋਬਾਇਲ ਬੈਟਰੀ ਸਮੇਤ ਬਰਾਮਦ ਹੋਇਆ। 7 ਗ੍ਰਾਮ ਸੁਲਫਾ ਵੀ ਬਾਹਰੋਂ ਹੀ ਸੁੱਟਿਆ ਗਿਆ ਸੀ। ਪੁਲਸ ਨੇ 52-ਏ, 42-ਏ ਪ੍ਰਿਜ਼ਨ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।

Shyna

This news is Content Editor Shyna