ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਿਸਾਨਾਂ ਦੇ ਹੱਕ ''ਚ ਜ਼ੀਰਾ ਵਿਖੇ ਲਗਾਇਆ ਵਿਸ਼ਾਲ ਧਰਨਾ

09/25/2020 4:52:43 PM

ਜ਼ੀਰਾ (ਗੁਰਮੇਲ ਸੇਖ਼ਵਾ): ਕੇਂਦਰ ਸਰਕਾਰ ਵਲੋਂ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਪਾਸ ਕੀਤੇ ਜਾਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਨਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਅੰਦਰ ਲਗਾਏ ਗਏ ਧਰਨਿਆਂ ਤਹਿਤ ਅੱਜ ਜ਼ੀਰਾ ਵਿਖੇ ਸ: ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਯੂਥ ਆਗੂ ਹਰਬੀਰਇੰਦਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਨੇ ਸ਼ਿਰਕਤ ਕਰਦਿਆਂ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। 

ਕਿਸਾਨਾਂ ਦੇ ਹੱਕ 'ਚ ਜ਼ੀਰਾ: ਫ਼ਿਰੋਜ਼ਪੁਰ ਰੋਡ ਨੈਸ਼ਨਲ ਹਾਈਵੇਅ ਪੁਲ ਹੇਠਾਂ ਲਗਾਏ ਧਰਨੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਜ਼ੀਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਲਈ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤਾ ਗਿਆ ਅਸਤੀਫ਼ਾ ਸਾਬਿਤ ਕਰਦਾ ਹੈ ਕਿ ਪੰਜਾਬ ਅੰਦਰ ਇੱਕ ਹੀ ਰਾਜਨੀਤਿਕ ਪਾਰਟੀ ਹੈ, ਜੋ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਲੜਦੀ ਰਹੀ ਹੈ ਅਤੇ ਅੱਗੇ ਵੀ ਕਿਸਾਨ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਹਰ ਫਰੰਟ 'ਤੇ ਸੰਘਰਸ਼ ਲਈ ਤਿਆਰ ਖੜੀ ਹੈ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇਕੱਠਾ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਧਰਨੇ ਲਗਾਉਣਾ ਸ਼ਲਾਘਾਯੋਗ ਹੈ, ਜੋ ਉਨ੍ਹਾਂ ਦੀ ਕਿਸਾਨ ਹਿਤੈਸ਼ੀ ਸੋਚ ਨੂੰ ਦਰਸਾਉਂਦਾ ਹੈ। ਧਰਨੇ 'ਚ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਆਪੋ-ਆਪਣੇ ਸੰਬੋਧਨ 'ਚ ਮੋਦੀ ਸਰਕਾਰ ਨੂੰ ਕੋਸਦਿਆਂ ਕਿਸਾਨ ਵਿਰੋਧੀ ਪਾਸ ਕੀਤੇ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹਰ ਫਰੰਟ 'ਤੇ ਮੋਦੀ ਸਰਕਾਰ ਨੂੰ ਘੇਰਨ ਲਈ ਤਿਆਰ ਖੜੀ ਹੈ। ਇਸ ਮੌਕੇ ਧਰਨੇ ਵਿੱਚ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਕੁਲਦੀਪ ਸਿੰਘ ਬੰਬ ਸਾਬਕਾ ਚੇਅਰਮੈਨ, ਕਾਰਜ ਸਿੰਘ ਆਹਲਾ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਲੌਹੁਕਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਚੇਅਰਮੈਨ ਮੱਲਾਂਵਾਲਾ, ਲਖਵਿੰਦਰ ਸਿੰਘ ਪੀ.ਏ., ਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। 

ਆਰਡੀਨੈਂਸ ਬਿੱਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਜ਼ੀਰਾ ਮੁਕੰਮਲ ਤੌਰ 'ਤੇ ਬੰਦ
ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਲਏ ਫ਼ੈਸਲੇ ਦੇ ਖ਼ਿਲਾਫ਼ ਕਿਸਾਨ ਅਤੇ ਸਹਿਯੋਗ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਜ਼ੀਰਾ ਮੁਕੰਮਲ ਤੌਰ 'ਤੇ ਬੰਦ ਰਿਹਾ। ਸਵੇਰ 8 ਵਜੇ ਤੋਂ ਸ਼ੁਰੂ ਕਿਸਾਨ ਰੋਸ ਪ੍ਰਦਰਸ਼ਨ ਨੂੰ ਜਿੱਥੇ ਸ਼ਹਿਰ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਆਪਣੇ ਵਪਾਰ ਬੰਦ ਰੱਖੇ, ਉੱਥੇ ਬੱਸਾਂ ਨਾ ਚੱਲਣ ਕਰਕੇ ਜ਼ੀਰਾ ਬੱਸ ਅੱਡਾ ਵੀ ਸੁੰਨਸਾਨ ਪਿਆ ਰਿਹਾ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ-54 ਬਾਈਪਾਸ ਲਹਿਰਾ ਰੋਹੀ ਨਜ਼ਦੀਕ ਟੈਂਟ ਲਗਾ ਕੇ ਲਗਾਏ ਰੋਸ ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਮਾਨ, ਮਜ਼ਦੂਰ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਫੈਡਰੇਸ਼ਨ, ਟੀਚਰਜ਼ ਯੂਨੀਅਨ, ਜ਼ੀਰਾ ਬਾਰ ਐਸੋਸੀਏਸ਼ਨ, ਰੋਡਵੇਜ਼ ਯੂਨੀਅਨ, ਮੈਡੀਕਲ ਪ੍ਰੈਕਟਿਸ ਯੂਨੀਅਨ, ਆੜਤ ਯੂਨੀਅਨ ਜ਼ੀਰਾ ਆਦਿ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪਿੱਟ ਸਿਆਪਾ ਕੀਤਾ ਅਤੇ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਦੇਵ ਸਿੰਘ ਜ਼ੀਰਾ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਨੈਬ ਸਿੰਘ ਬੀ.ਕੇ.ਯੂ. ਮਾਨ, ਰੇਸ਼ਮ ਸਿੰਘ ਰਟੋਲ ਮਜ਼ਦੂਰ ਯੂਨੀਅਨ ਆਦਿ ਹਾਜ਼ਰ ਸਨ।

Shyna

This news is Content Editor Shyna