ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਲੈਣ ਲਈ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਕਰੇ: ਗੋਲਡੀ

11/25/2020 3:44:19 PM

ਜ਼ੀਰਾ (ਗੁਰਮੇਲ ਸੇਖ਼ਵਾ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ 'ਚ ਕੀਤੇ ਜਾ ਰਹੇ ਘਿਰਾਓ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਪਰਮਜੀਤ ਸਿੰਘ ਖਾਲਸਾ ਅਤੇ ਭਾਈ ਮੇਜਰ ਸਿੰਘ ਖਾਲਸਾ ਨੇ ਕਿਸਾਨਾਂ ਅਤੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ 26 ਨਵੰਬਰ ਦੇ ਦਿੱਲੀ ਘਿਰਾਓ ਨੂੰ ਸਫ਼ਲ ਬਣਾਉਣ ਦੇ ਲਈ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤੇ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਹਨ ਅਤੇ ਇਸ ਘਿਰਾਓ ਦੇ ਲਈ ਪੰਜਾਬ ਤੋਂ ਵੱਡੀ ਗਿਣਤੀ 'ਚ ਨੌਜਵਾਨ ਦਿੱਲੀ ਨੂੰ ਰਵਾਨਾ ਹੋਣਗੇ।

ਇਹ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਗੋਲਡੀ ਨੇ ਦਿੰਦਿਆਂ ਕਿਹਾ ਕਿ ਫੈਡਰੇਸ਼ਨ ਪਿਛਲੇ ਸਮੇਂ ਤੋਂ ਹੀ ਸਿੱਖਾਂ ਦੇ ਲਈ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਹੀ ਹੈ ਅਤੇ ਸੰਸਥਾ ਦਾ ਇਹ ਸੰਘਰਸ਼ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਫ਼ੈਸਲੇ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਦੇਸ਼ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੇਂਦਰੀ ਖੇਤੀ ਕਾਨੂੰਨ ਜਦ ਤੱਕ ਵਾਪਸ ਨਹੀਂ ਲਿਆ ਜਾਂਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਰਹੇਗੀ।

ਉਨ੍ਹਾਂ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਤਬਾਹ ਕਰ ਰਹੀ ਹੈ, ਪ੍ਰੰਤੂ ਕਿਸਾਨ ਜਥੇਬੰਦੀਆਂ ਬਹੁਤ ਹੀ ਬੁੱਧੀਮਤਾ ਦੇ ਨਾਲ ਅੰਦੋਲਨ ਨੂੰ ਸ਼ਾਂਤੀਪੂਰਨ ਢੰਗ ਦੇ ਨਾਲ ਚਲਾ ਰਹੀ ਹੈ। ਦੇਸ਼ ਦਾ ਹਰ ਵਰਗ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਅੰਦੋਲਨ ਫ਼ੈਸਲਾਕੁੰਨ ਸਥਿਤੀ 'ਚ ਪਹੁੰਚ ਗਿਆ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਇਹ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਕਾਲੇ ਕਾਨੂੰਨ ਵਾਪਸ ਲਵੇ, ਜਿਸ ਦੇ ਨਾਲ ਦੇਸ਼ ਦਾ ਕਿਸਾਨ ਖੁਸ਼ਹਾਲ ਹੋ ਸਕੇ। ਇਸ ਮੌਕੇ 'ਤੇ ਉਨ੍ਹਾਂ ਨਾਲ ਗੁਰਟੇਕ ਸਿੰਘ, ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਪ੍ਰੀਤ ਹਾਮਦ, ਹਰਪਾਲ ਸਿੰਘ ਆਦਿ ਮੌਜੂਦ ਸਨ।


Shyna

Content Editor

Related News