ਕੇਂਦਰ ਸਰਕਾਰ ਵੱਲੋਂ ਖੰਨਾ ਫੋਕਲ ਪੁਆਇੰਟ ਲਈ 10 ਕਰੋੜ ਰੁਪਏ ਮਨਜ਼ੂਰ

03/14/2020 9:26:08 PM

ਫ਼ਤਿਹਗੜ੍ਹ ਸਾਹਿਬ/ਖੰਨਾ,(ਸੁਰੇਸ਼, ਸੁਖਵਿੰਦਰ ਕੌਰ )- ਇੰਡਸਟਰੀਅਲ ਫੋਕਲ ਪੁਆਇੰਟ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੰਗ 'ਤੇ ਫੁੱਲ ਚੜ੍ਹਾਉਂਦਿਆਂ ਹਲਕਾ ਫਤਿਹਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਭਾਰਤ ਸਰਕਾਰ ਤੋਂ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਲਈ 10 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾ ਲਈ ਹੈ। ਇਸ ਸਬੰਧੀ ਕੇਂਦਰੀ ਆਵਾਜਾਈ, ਹਾਈਵੇਜ਼ ਅਤੇ ਲਘੂ, ਸੂਖਮ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਡਾ. ਅਮਰ ਸਿੰਘ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ।

ਦੱਸਣਯੋਗ ਹੈ ਕਿ ਡਾ. ਅਮਰ ਸਿੰਘ ਨੇ ਖੰਨਾ ਦੇ ਫੋਕਲ ਪੁਆਇੰਟ ਦੀ ਮਾੜੀ ਹਾਲਤ ਬਾਰੇ ਕੇਂਦਰੀ ਮੰਤਰੀ ਅਤੇ ਸਕੱਤਰ ਨੂੰ ਜਾਣੂ ਕਰਵਾਇਆ ਸੀ। ਸ਼੍ਰੀ ਗਡਕਰੀ ਨੇ ਲਿਖੇ ਪੱਤਰ ਵਿਚ ਲੋਕ ਸਭਾ ਮੈਂਬਰ ਨੂੰ ਜਾਣੂ ਕਰਵਾਇਆ ਹੈ ਕਿ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਲਈ 10 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਹ ਫੰਡ ਲਘੂ, ਸੂਖਮ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਵੱਲੋਂ ਕਲੱਸਟਰ ਵਿਕਾਸ ਪ੍ਰੋਗਰਾਮ ਅਧੀਨ ਮੁਹੱਈਆ ਕਰਵਾਏ ਜਾਣਗੇ। ਡਾ. ਅਮਰ ਸਿੰਘ ਨੇ ਸ਼੍ਰੀ ਗਡਕਰੀ ਦਾ ਧੰਨਵਾਦ ਕਰਦਿਆਂ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਮੁੱਦਿਆਂ ਨੂੰ ਉਹ ਭਵਿੱਖ ਵਿਚ ਵੀ ਉੱਪਰਲੇ ਪੱਧਰ 'ਤੇ ਉਠਾ ਕੇ ਹੱਲ ਕਰਵਾਉਣ ਲਈ ਯਤਨ ਜਾਰੀ ਰੱਖਣਗੇ।