ਪਸ਼ੂ ਪਾਲਕਾਂ ਨੂੰ ਸ਼ੈੱਡ ਬਣਾਉਣ ਲਈ ਮਿਲੇਗੀ 54 ਹਜ਼ਾਰ ਰੁਪਏ ਸਬਸਿਡੀ: ਢਿੱਲੋਂ

11/14/2019 3:01:45 PM

ਮਾਛੀਵਾੜਾ ਸਾਹਿਬ (ਟੱਕਰ)— ਮਾਛੀਵਾੜਾ ਬਲਾਕ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਬਲਾਕ ਪੰਚਾਇਤ ਦਫਤਰ ਵਿਖੇ ਹੋਈ। ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ। ਬਲਾਕ ਸੰਮਤੀ ਚੇਅਰਮੈਨ ਸਿਮਰਨਜੀਤ ਕੌਰ ਅਤੇ ਉੱਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਯੋਜਨਾ ਤਹਿਤ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪਸ਼ੂ ਸ਼ੈਡ ਬਣਾਉਣ ਲਈ ਸਬਸਿਡੀ ਦਿੱਤੀ ਜਾਵੇਗੀ।

ਵਿਧਾਇਕ ਢਿੱਲੋਂ ਨੇ ਦੱਸਿਆ ਕਿ 6 ਪਸ਼ੂਆਂ ਦਾ ਸ਼ੈਡ ਬਣਾਉਣ ਲਈ ਕਰੀਬ 90 ਹਜ਼ਾਰ ਰੁਪਏ ਲਾਗਤ ਆਉਂਦੀ ਹੈ, ਜਿਸ ਤਹਿਤ ਪਸ਼ੂ ਪਾਲਕ 36 ਹਜ਼ਾਰ ਆਪਣੇ ਕੋਲੋਂ ਖਰਚੇਗਾ ਜਦਕਿ 54 ਹਜ਼ਾਰ ਰੁਪਏ ਦਾ ਮੈਟੀਰੀਅਲ ਅਤੇ ਮਗਨਰੇਗਾ ਯੋਜਨਾ ਤਹਿਤ ਲੇਬਰ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ ਪਸ਼ੂ ਪਾਲਕ ਜੋ 4 ਪਸ਼ੂਆਂ ਲਈ ਸ਼ੈਡ ਬਣਾਉਣਾ ਚਾਹੁੰਦੇ ਹਨ, ਉਸ 'ਤੇ 60 ਹਜ਼ਾਰ ਰੁਪਏ ਖਰਚ ਆਵੇਗਾ ਜਿਸ ਤਹਿਤ ਪਸ਼ੂ ਪਾਲਕ 24 ਹਜ਼ਾਰ ਰੁਪਏ ਆਪਣੇ ਕੋਲੋਂ ਖਰਚੇਗਾ ਅਤੇ ਬਾਕੀ ਪੈਸੇ ਮਗਨਰੇਗਾ ਯੋਜਨਾ ਤਹਿਤ ਪੰਚਾਇਤ ਵੱਲੋਂ ਦਿੱਤੇ ਜਾਣਗੇ।

ਵਿਧਾਇਕ ਢਿੱਲੋਂ ਨੇ ਕਿਹਾ ਕਿ ਪਿੰਡਾਂ 'ਚ ਪਸ਼ੂ ਪਾਲਕ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਹ ਯੋਜਨਾ ਸਾਰੇ ਵਰਗਾਂ ਲਈ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਪਿਗ ਫਾਰਮ, ਬੱਕਰੀਆਂ ਦਾ ਫਾਰਮ, ਫਿਸ਼ ਪਾਊਂਡ ਅਤੇ ਕਿੰਨੂਆਂ ਦੇ ਬਾਗ ਲਈ ਸਬਸਿਡੀ ਵਾਲੀਆਂ ਬਹੁਤ ਯੋਜਨਾਵਾਂ ਹਨ। ਵਿਧਾਇਕ ਢਿੱਲੋਂ ਨੇ ਦੱਸਿਆ ਕਿ ਮੀਟਿੰਗ 'ਚ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪਿੰਡਾਂ 'ਚ ਜੋ ਵੀ ਵਿਕਾਸ ਕਾਰਜ਼ ਪਹਿਲ ਦੇ ਅਧਾਰ 'ਤੇ ਹੋਣ ਵਾਲੇ ਹਨ। ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰਨ ਤਾਂ ਜੋ ਲੋੜ ਅਨੁਸਾਰ ਗ੍ਰਾਂਟ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ਦੇ 116 ਪਿੰਡਾਂ 'ਚ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਵਿਕਾਸ ਕਾਰਜ਼ ਕਰਵਾਏ ਜਾਣਗੇ ਅਤੇ ਬਿਨ੍ਹਾਂ ਪੱਖਪਾਤ ਦੇ ਹਰੇਕ ਪਿੰਡ ਨੂੰ ਵਸੋਂ ਅਨੁਸਾਰ ਗ੍ਰਾਂਟ ਦਿੱਤੀ ਜਾਵੇਗੀ।

ਇਸ ਮੌਕੇ ਬਲਾਕ ਸੰਮਤੀ ਮੈਂਬਰ ਸਿਮਰਨਜੀਤ ਕੌਰ ਅਤੇ ਉੱਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ ਨੇ ਦੱਸਿਆ ਕਿ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਜਮੀਨਾਂ ਤੋਂ 4 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਈ ਹੈ ਅਤੇ ਇਹ ਆਮਦਨ ਹੋਰ ਵਧਾਉਣ ਲਈ ਜੋ ਪਿੰਡਾਂ 'ਚ ਗੈਰ-ਵਾਹੀਯੋਗ ਜਮੀਨਾਂ ਲਈ ਉਨ੍ਹਾਂ ਨੂੰ 7 ਸਾਲ ਦੇ ਚਕੌਤੇ 'ਤੇ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਮੌਕੇ ਮਨਜੀਤ ਕੌਰ, ਦਲਜੀਤ ਕੌਰ, ਸੋਮਨਾਥ, ਹੁਸਨ ਲਾਲ ਮੜਕਨ, ਸਿਮਰਨਦੀਪ ਕੌਰ, ਗੁਰਪ੍ਰੀਤ ਕੌਰ, ਰਮੇਸ਼ ਕੁਮਾਰ ਖੁੱਲਰ, ਕੁਲਵੰਤ ਕੌਰ, ਅਮਨਦੀਪ ਸਿੰਘ ਰਾਣਵਾਂ, ਗਿਆਨ ਕੌਰ (ਸਾਰੇ ਬਲਾਕ ਸੰਮਤੀ ਮੈਂਬਰ), ਬੀ. ਡੀ. ਪੀ. ਓ ਰਾਜਵਿੰਦਰ ਕੌਰ, ਪੰਚਾਇਤ ਅਫਸਰ ਗੁਰਚਰਨ ਸਿੰਘ ਵੀ ਮੌਜੂਦ ਸਨ।


shivani attri

Content Editor

Related News