2.47 ਲੱਖ ਡਾਲਰ ਦੇ 10 ਕੰਟੇਨਰ ਚੌਲ ਮੰਗਵਾ ਕੇ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਕੇਸ ਦਰਜ

09/19/2018 7:21:33 AM

 ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਹੀਰੋ ਐਕਸਪੋਰਟ ਦੇ ਵਿਜੇ ਮੁੰਜਾਲ ਦੀ ਸ਼ਿਕਾਇਤ ’ਤੇ ਦੁਬਈ ਦੀ ਟ੍ਰੇਡਿੰਗ ਫਰਮ ਵਾਈਟਰੇਸ ਫੂਡ ਸਟਫ ਦੇ ਚੇਅਰਮੈਨ ਆਸ਼ਿਕ ਅਲੀ ਨਥਾਨੀ, ਮੈਨੇਜਰ ਅਗਨਾਥਪੁਰਾ ਅਤੇ ਬੈਂਗਲੌਰ ਦੇ ਰਹਿਣ ਵਾਲੇ ਕਲੀਮ ਪਾਸ਼ਾ, ਐਕਸੀਓਸ ਕ੍ਰੈਡਿਟ ਬੈਂਕ ਲਿਮਟਿਡ ਸਿੰਘਾਪੁਰ ਦੇ ਨਾਗੁਲ ਮਿਨ ਬਗ ਦੇ ਖਿਲਾਫ 2.47 ਲੱਖ ਡਾਲਰ ਦੇ 10 ਕੰਟੇਨਰ ਚੌਲ ਮੰਗਵਾ ਕੇ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
 ਪੁਲਸ ਕਮਿਸ਼ਨਰ ਨੂੰ ਅਗਸਤ 2017 ਵਿਚ ਦਿੱਤੀ ਸ਼ਿਕਾਇਤ ਵਿਚ ਮੁੰਜਾਲ ਨੇ ਦੱਸਿਆ ਕਿ ਵੈਸਟ ਮੁੰਬਈ ਦੇ ਰਹਿਣ ਵਾਲੇ ਆਸ਼ਿਕ ਅਲੀ ਨਥਾਨੀ ਦੀ ਦੁਬਈ ਵਿਚ ਵਾਈਟਰੇਸ ਫੂਡ ਸਟਫ ਟ੍ਰੇਡਿੰਗ ਐੱਲ.ਐੱਲ.ਸੀ. ਨਾਮੀ ਫਰਮ ਹੈ। ਦੋਸ਼ੀ ਨੇ ਉਸ ਦੇ ਨਾਲ 2.47 ਲੱਖ ਡਾਲਰ ਦੀ ਡੀਲ ਕੀਤੀ ਸੀ ਅਤੇ 140  ਟਨ ਚੌਲ ਐਕਸਪੋਰਟ ਕਰਵਾਇਆ ਸੀ। ਸਕਿਓਰਟੀ ਦੇ ਤੌਰ ’ਤੇ ਦੋਸ਼ੀ ਨੇ ਐਕਸੀਓਸ ਕ੍ਰੈਡਿਟ ਬੈਂਕ ਲਿਮਟਿਡ ਸਿੰਘਾਪੁਰ ਦੇ ਨਾਂ ਨਾਲ ਨਾਗੁਲ ਮਿਨ ਬਗ ਵੱਲੋਂ ਇਸ਼ੂ ਹੋਇਆ ਕ੍ਰੈਡਿਟ ਲੈਟਰ ਦਿੱਤਾ ਸੀ। ਚੌਲ ਐਕਸਪੋਰਟ ਕਰਨ ਤੋਂ ਬਾਅਦ ਜਦੋਂ ਪੈਸੇ ਦਾ ਭੁਗਤਾਨ ਕਰਨ ਨੂੰ ਕਿਹਾ ਗਿਆ ਤਾਂ ਦੋਸ਼ੀਆਂ ਵੱਲੋਂ ਧੋਖਾਦੇਹੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਕਿਉਂਕਿ ਆਪਣੇ ਰਿਪ੍ਰੈਜ਼ੈਂਟੇਟਿਵ ਨੂੰ ਸਿੰਘਾਪੁਰ ਭੇਜਣ ’ਤੇ ਪਤਾ ਲੱਗਾ ਕਿ ਐਕਸੀਓਸ ਨਾਂ ਦਾ ਕੋਈ ਵੀ ਬੈਂਕ ਨਹੀਂ ਹੈ। ਦੋਸ਼ੀਆਂ ਵੱਲੋਂ ਫਰਜ਼ੀ ਕ੍ਰੈਡਿਟ ਲੈਟਰ ਤਿਆਰ ਕਰਵਾਈ ਗਈ। ਫਰਮ ਦੇ ਮੈਨੇਜਰ ਨੇ ਉਨ੍ਹਾਂ ਨੂੰ ਦੁਬਈ ਕਰੰਸੀ ਦਾ ਚੈੱਕ ਦਿੱਤਾ ਸੀ, ਉਹ ਵੀ ਬਾਊਂਸ ਹੋ ਗਿਆ ਜਿਸ ਦੀ ਸੁਣਵਾਈ ਉਥੇ ਦੀ ਇਕ ਅਦਾਲਤ ਵਿਚ ਚੱਲ ਰਹੀ ਹੈ।