ਕੁੱਟਮਾਰ ਕਰ ਕੇ ਜਵਾਈ ਦੀ ਹੱਤਿਆ ਕਰਨ ਦੇ ਦੋਸ਼ ਪਤਨੀ ਸਮੇਤ 4 ਖਿਲਾਫ ਕੇਸ ਦਰਜ

05/12/2022 12:27:02 PM

ਸਮਾਣਾ (ਦਰਦ/ਅਸ਼ੋਕ) : ਸਹੁਰੇ ਪਰਿਵਾਰ ਵੱਲੋਂ ਜਵਾਈ ਦੀ ਕੁੱਟਮਾਰ ਕਰਨ ਉਪਰੰਤ ਮੌਤ ਹੋਣ ਦੇ ਦੋਸ਼ ਤਹਿਤ ਸਦਰ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਸਣੇ 4 ਲੋਕਾਂ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ. ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ (25) ਪੁੱਤਰ ਸਤਪਾਲ ਸਿੰਘ ਵਾਸੀ ਰਾਮ ਨਗਰ ਦੀ ਮਾਤਾ ਚਰਨਜੀਤ ਕੌਰ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ 4 ਸਾਲ ਪਹਿਲਾ ਜਸਵਿੰਦਰ ਸਿੰਘ ਦਾ ਵਿਆਹ ਸੰਦੀਪ ਕੌਰ ਵਾਸੀ ਫਤਿਹਮਾਜਰੀ ਨਾਲ ਹੋਇਆ ਸੀ, ਜਿਸ ਕੋਲ 3 ਸਾਲਾ ਇਕ ਬੇਟਾ ਵੀ ਹੈ। ਘਰੇਲੂ ਤਕਰਾਰ ਕਾਰਨ 3 ਮਹੀਨੇ ਪਹਿਲਾ ਪੇਕੇ ਗਈ ਨੂੰਹ ਵਾਪਸ ਨਹੀਂ ਆਈ। ਬੀਤੀ ਸ਼ਾਮ ਉਸ ਦਾ ਪੁੱਤਰ ਉਨ੍ਹਾਂ ਨੂੰ ਮਿਲਣ ਪਿੰਡ ਫਤਿਹਮਾਜਰੀ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਦੇਰ ਰਾਤ ਪਿੰਡ ਫਤਿਹਮਾਜਰੀ ਦੀ ਅਨਾਜ ਮੰਡੀ ’ਚ ਪੁੱਤਰ ਦੇ ਡਿੱਗੇ ਹੋਣ ਦੀ ਸੂਚਨਾ ਮਿਲੀ, ਜਿਸਨੂੰ ਪਰਿਵਾਰ ਵੱਲੋਂ ਇਲਾਜ ਲਈ ਪਟਿਆਲਾ ਲਿਜਾਇਆ ਜਾ ਰਿਹਾ ਸੀ ਕਿ ਰਸਤੇ ’ਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ

ਮ੍ਰਿਤਕ ਦੀ ਮਾਤਾ ਨੇ ਨੂੰਹ ਸੰਦੀਪ ਕੌਰ ਅਤੇ ਉਸ ਦੇ ਪਿਤਾ ਬਾਬੂ ਰਾਮ ਵਾਸੀ ਫਤਿਹਮਾਜਰੀ ਸਣੇ 2 ਹੋਰ ਅਣ-ਪਛਾਤੇ ਲੋਕਾਂ ’ਤੇ ਪੁੱਤਰ ਨੂੰ ਕੁੱਟਮਾਰ ਕਰ ਕੇ ਜਾਨੋਂ ਮਾਰਨ ਦਾ ਦੋਸ਼ ਲਗਾਏ ਜਾਨ ’ਤੇ ਸਦਰ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ। ਸਦਰ ਪੁਲਸ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਬੁੱਧਵਾਰ ਦੁਪਹਿਰ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਸਣੇ ਸਹੁਰੇ ਪੱਖ ਨੇ ਪੁਲਸ ਥਾਣੇ ਅੱਗੇ ਇਕੱਤਰ ਹੋ ਕੇ ਰੋਸ ਪ੍ਰਗਟ ਕਰ ਕੇ ਦਰਜ ਕੇਸ ਰੱਦ ਕਰ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਮ੍ਰਿਤਕ ਦੇ ਸਹੁਰੇ ਪਰਿਵਾਰ ਨੇ ਦਰਜ ਕੇਸ ਨੂੰ ਝੂਠਾ ਦੱਸਦੇ ਹੋਏ ਰੋਸ ਜ਼ਾਹਿਰ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News