ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ 2 ਵਿਰੁੱਧ ਮਾਮਲਾ ਦਰਜ
Wednesday, Dec 19, 2018 - 02:52 AM (IST)

ਮੋਗਾ, (ਅਾਜ਼ਾਦ)- ਪਿੰਡ ਬਾਜੇ ਕੇ ਨਿਵਾਸੀ ਪਲਵਿੰਦਰ ਸਿੰਘ ਦੇ ਬੇਟੇ ਹਰਪ੍ਰੀਤ ਸਿੰਘ ਨੂੰ ਨਕਲੀ ਵਿਆਹ ਕਰਵਾ ਕੇ ਪੱਕੇ ਤੌਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੁਧਿਆਣਾ ਸਥਿਤ ਟਰੈਵਲ ਏਜੰਟ ਪ੍ਰਿਤਪਾਲ ਸਿੰਘ ਵੱਲੋਂ ਕੁਝ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰ ਕੇ 20 ਲੱਖ 48 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪਲਵਿੰਦਰ ਸਿੰਘ ਪੁੱਤਰ ਭਾਨ ਸਿੰਘ ਨੇ ਕਿਹਾ ਕਿ ਉਸ ਦਾ ਇਕ ਬੇਟਾ ਮਨਜਿੰਦਰ ਸਿੰਘ, ਜੋ 8-9 ਸਾਲਾਂ ਤੋਂ ਇੰਗਲੈਂਡ ਰਹਿੰਦਾ ਹੈ, ਜਦਕਿ ਉਸ ਦਾ ਦੂਸਰਾ ਬੇਟਾ ਹਰਪ੍ਰੀਤ ਸਿੰਘ, ਜੋ ਐੱਮ. ਏ, .ਬੀ. ਐੱਡ ਪਾਸ ਹੈ, ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਨੇ ਕਿਹਾ ਕਿ ਅਕਤੂਬਰ, 2017 ’ਚ ਮੇਰੇ ਬੇਟੇ ਦਾ ਦੋਸਤ ਹਰਦੀਪ ਸਿੰਘ ਨਿਵਾਸੀ ਚੰਡੀਗਡ਼੍ਹ ਸਾਨੂੰ ਮਿਲਣ ਲਈ ਪਿੰਡ ਆਇਆ ਤਾਂ ਮੇਰੇ ਬੇਟੇ ਨੇ ਵਿਦੇਸ਼ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਨਿਵਾਸੀ ਜਮਾਲਪੁਰ ਲੁਧਿਆਣਾ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤੇ ਉਹ ਤੈਨੂੰ ਵਿਦੇਸ਼ ਭੇਜ ਦੇਵੇਗਾ, ਜਿਸ ’ਤੇ ਉਸ ਨੇ ਸਾਡੀ ਮੀਟਿੰਗ ਉਕਤ ਟਰੈਵਲ ਏਜੰਟ ਨਾਲ ਕਰਵਾਈ ਤਾਂ ਉਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਕੈਨੇਡਾ ਭੇਜ ਦੇਵੇਗਾ, ਜਿਸ ’ਤੇ 20 ਲੱਖ 50 ਹਜ਼ਾਰ ਦੇ ਕਰੀਬ ਖਰਚਾ ਆਵੇਗਾ। ਉਸ ਨੇ ਕਿਹਾ ਕਿ ਗਗਨਦੀਪ ਕੌਰ ਪੁੱਤਰੀ ਮਨਜੀਤ ਸਿੰਘ ਨਿਵਾਸੀ ਮਾਲੇਰਕੋਟਲਾ ਸੰਗਰੂਰ ਨਾਲ ਉਸ ਦਾ ਵਿਆਹ ਕੀਤਾ ਜਾਵੇਗਾ ਅਤੇ ਉਹ ਆਈਲੈਟਸ ਕਰਨ ਦੇ ਬਾਅਦ ਕੈਨੇਡਾ ਚਲੀ ਜਾਵੇਗੀ, ਜਿਸ ’ਤੇ ਕੁੱਲ ਖਰਚਾ 20 ਲੱਖ 48 ਹਜ਼ਾਰ ਰੁਪਏ ਆ ਜਾਵੇਗਾ।
ਗੱਲਬਾਤ ਤੈਅ ਹੋਣ ਦੇ ਬਾਅਦ ਅਸੀਂ ਉਨ੍ਹਾਂ ਨਾਲ ਵੱਖ-ਵੱਖ ਇਕਰਾਰ ਨਾਮੇ, ਜੋ ਮਿਤੀ 10 ਅਕਤੂਬਰ, 2017, 6 ਨਵੰਬਰ, 2017, 10 ਨਵੰਬਰ, 2017 ਨੂੰ ਤਿਆਰ ਕੀਤੇ ਤੇ ਅਸੀਂ ਉਕਤ ਪੈਸਿਆਂ ’ਚੋਂ 16 ਲੱਖ 98 ਹਜ਼ਾਰ ਰੁਪਏ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਧਰਮਕੋਟ ਰਾਹੀਂ ਵੱਖ-ਵੱਖ ਤਰੀਕਾਂ ਨੂੰ ਕਥਿਤ ਦੋਸ਼ੀਆਂ ਦੇ ਖਾਤਿਆਂ ’ਚ ਟਰਾਂਸਫਰ ਕਰ ਦਿੱਤੇ ਅਤੇ ਸਾਢੇ 3 ਲੱਖ ਰੁਪਏ ਨਕਦ ਦਿੱਤੇ ਤੇ ਇਸ ਉਪਰੰਤ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ 10 ਅਕਤੂਬਰ, 2017 ਨੂੰ ਗਗਨਦੀਪ ਕੌਰ ਨਾਲ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕਰਵਾ ਦਿੱਤਾ, ਕਥਿਤ ਦੋਸ਼ੀਆਂ ਨੇ ਚਾਲਾਕੀ ਨਾਲ ਨਾ ਤਾਂ ਵਿਆਹ ਦੀ ਮੂਵੀ ਬਣਾਉਣ ਦਿੱਤੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਤੋਂ ਆਨੰਦ ਕਾਰਜ ਸਬੰਧੀ ਸਰਟੀਫਿਕੇਟ ਲੈਣ ਦਿੱਤਾ । ਉਪਰੰਤ ਉਨ੍ਹਾਂ ਮੇਰੇ ਬੇਟੇ ਨੂੰ ਨਾ ਕੈਨੇਡਾ ਭੇਜਿਆ ਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ, ਜਿਸ ’ਤੇ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਪੰਚਾਇਤ ਰਾਹੀਂ ਕਥਿਤ ਦੋਸ਼ੀਆਂ ਨਾਲ ਗੱਲਬਾਤ ਕੀਤੀ ਕਿ ਜਾਂ ਤਾਂ ਮੇਰੇ ਬੇਟੇ ਨੂੰ ਕੈਨੇਡਾ ਭੇਜੋ ਜਾਂ ਫਿਰ ਸਾਡੇ ਪੈਸੇ ਵਾਪਸ ਕਰੋ, ਜਾਂ ਗਗਨਦੀਪ ਕੌਰ ਨੂੰ ਬਤੌਰ ਪਤਨੀ ਮੇਰੇ ਲਡ਼ਕੇ ਹਰਪ੍ਰੀਤ ਸਿੰਘ ਨਾਲ ਭੇਜੋ, ਜਿਸ ਉਪਰੰਤ ਕਥਿਤ ਦੋਸ਼ੀ ਟਰੈਵਲ ਏਜੰਟ ਨੇ 19 ਮਈ, 2018 ਨੂੰ ਪੰਜਾਬ ਨੈਸ਼ਨਲ ਬੈਂਕ ਚੰਡੀਗਡ਼੍ਹ ਦਾ ਇਕ ਚੈੱਕ 15 ਲੱਖ ਰੁਪਏ ਦਾ ਮੈਨੂੰ ਦੇ ਦਿੱਤਾ, ਪਰ ਜਦੋਂ ਚੈੱਕ ਬੈਂਕ ਵਿਚ ਭੇਜਿਆ ਤਾਂ ਪਤਾ ਲੱਗਾ ਕਿ ਬੈਂਕ ਵਿਚ ਉਸ ਦਾ ਖਾਤਾ ਹੀ ਨਹੀਂ ਹੈ।
ਇਸ ਤਰ੍ਹਾਂ ਟਰੈਵਲ ਏਜੰਟ ਪ੍ਰਿਤਪਾਲ ਸਿੰਘ, ਗਗਨਦੀਪ ਕੌਰ ਨੇ ਕਥਿਤ ਮਿਲੀਭੁਗਤ ਕਰ ਕੇ ਸਾਡੇ ਨਾਲ 20 ਲੱਖ 48 ਹਜ਼ਾਰ ਦੀ ਠੱਗੀ ਮਾਰੀ ਹੈ।