ATM ਤੋੜਣ ਦੀ ਕੋਸ਼ਿਸ਼ ਕਰਨ ''ਤੇ ਬੈਂਕ ਮੈਨੇਜਰ ਖਿਲਾਫ ਮਾਮਲਾ ਦਰਜ

05/05/2020 8:27:22 PM

ਰਾਮਪੁਰਾ ਫੂਲ, (ਤਰਸੇਮ)— ਸਥਾਨਕ ਸ਼ਹਿਰ ਵਿਖੇ ਬੈਂਕ ਦੇ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਸ ਥਾਣਾ ਸਿਟੀ ਰਾਮਪੁਰਾ ਵਲੋਂ ਭਾਰਤੀ ਸਟੇਟ ਬੈਂਕ ਦੀ ਢਿਪਾਲੀ ਬ੍ਰਾਂਚ ਵਿਖੇ ਤਾਇਨਾਤ ਬੈਂਕ ਦੇ ਮੈਨੇਜਰ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਸ਼ਾਮ ਨੂੰ 6.30 ਵਜੇ ਦੇ ਕਰੀਬ ਸਥਾਨਕ ਸ਼ਹਿਰ ਦੇ ਭਗਤ ਸਿੰਘ ਚੌਕ 'ਚ ਸਥਿਤ ਭਾਰਤੀ ਸਟੇਟ ਬੈਂਕ ਦੇ ਏ. ਟੀ. ਐੱਮ. ਨੂੰ ਇਕ ਵਿਅਕਤੀ ਵਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਨੇੜੇ ਦੇ ਪੁਲਸ ਨਾਕੇ 'ਤੇ ਖੜ੍ਹੇ ਪੁਲਸ ਦੇ ਜਵਾਨਾਂ ਨੂੰ ਦਿੱਤੀ। ਸੂਚਨਾ ਮਿਲਣ 'ਤੇ ਜਦੋਂ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਤਾਂ ਉਕਤ ਵਿਅਕਤੀ ਆਪਣੀ ਕਾਰ ਸਮੇਤ ਉਥੋਂ ਭੱਜ ਗਿਆ। ਜਿਸ 'ਤੇ ਪੁਲਸ ਨੇ ਸ਼ਹਿਰ 'ਚ ਨਾਕਾਬੰਦੀ ਕਰ ਦਿੱਤੀ। ਇਕ ਨਾਕੇ 'ਤੇ ਜਦੋਂ ਪੁਲਸ ਦੇ ਇਕ ਮੁਲਾਜ਼ਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਨੇ ਆਪਣੀ ਤੇਜ਼ ਰਫਤਾਰ ਕਾਰ ਪੁਲਸ ਦੇ ਜਵਾਨ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਪੁਲਸ ਮੁਲਾਜ਼ਮ ਵਾਲ-ਵਾਲ ਬਚ ਗਿਆ। ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਰਾਮਪੁਰਾ ਪੁਲਸ ਨੇ ਮੌਕੇ 'ਤੇ ਉਸਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਉਕਤ ਮੁਲਜ਼ਮ ਸੰਜੀਵ ਰਾਵਤ ਪੁੱਤਰ ਪ੍ਰੇਮ ਰਾਵਤ ਵਾਸੀ ਕ੍ਰਿਸ਼ਨਾ ਇਨਕਲੇਵ ਜੀਰਕਪੁਰ ਜੋ ਕਿ ਭਾਰਤੀ ਸਟੇਟ ਬੈਂਕ ਦੀ ਢਿਪਾਲੀ ਬ੍ਰਾਂਚ ਤੇ ਮੈਨੇਜਰ ਵਜੋਂ ਤਾਇਨਾਤ ਹੈ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਪੁਲਸ ਥਾਣਾ ਸਿਟੀ ਰਾਮਪੁਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
 

KamalJeet Singh

This news is Content Editor KamalJeet Singh