ਕੈਪਟਨ ਦੀ ਹੀ ਨਹੀਂ, ਕਾਂਗਰਸ ਦੀ ਵੀ ਆਖਰੀ ਚੋਣ : ਸੁਖਬੀਰ

04/23/2019 1:08:57 AM

ਸੰਗਰੂਰ,(ਵਿਵੇਕ, ਬੇਦੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਝੂਠੀ ਸਹੁੰ ਖਾਣ ਕਰ ਕੇ ਪੰਜਾਬ 'ਚ ਕਾਂਗਰਸ 'ਤੇ ਰੱਬੀ ਕਹਿਰ ਟੁੱਟ ਪਿਆ ਹੈ। ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਦੀ ਕੀਤੀ ਅਣਦੇਖੀ ਅਤੇ ਲੋਕਾਂ ਦੀਆਂ ਤਕਲੀਫਾਂ ਅਤੇ ਸਮੱਸਿਆਵਾਂ ਪ੍ਰਤੀ ਮੁੱਖ ਮੰਤਰੀ ਦੇ ਲਾਪ੍ਰਵਾਹ ਵਤੀਰੇ ਨੇ ਵੀ ਕਾਂਗਰਸੀ ਕੇਡਰ ਨੂੰ ਨਿਰਾਸ਼ਾ ਦੇ ਆਲਮ ਵਿਚ ਸੁੱਟ ਦਿੱਤਾ ਹੈ। ਉਹ ਆਪਣੀ ਪਾਰਟੀ ਤੋਂ ਉਮੀਦਹੀਣ ਹੋ ਚੁੱਕੇ ਹਨ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਨਹੀਂ, ਸਗੋਂ ਉਨ੍ਹਾਂ ਦੀ ਪਾਰਟੀ ਦੀ ਵੀ ਆਖਰੀ ਚੋਣ ਹੈ। ਪੱਛਮੀ ਬੰਗਾਲ ਵਿਚ ਐੱਸ. ਐੱਸ. ਰੇਅ ਵਾਂਗ ਅਮਰਿੰਦਰ ਵੱਲੋਂ ਲੋਕਾਂ ਦੇ ਕੰਮਾਂ ਪ੍ਰਤੀ ਵਿਖਾਈ ਸੰਵੇਦਨਹੀਣਤਾ ਅਤੇ ਰੁਚੀਹੀਣਤਾ ਉਸ ਦੇ ਘੁਮੰਡ ਅਤੇ ਐਸ਼ਪ੍ਰਸਤੀ ਨੇ ਕਾਂਗਰਸ ਦੇ ਕਫਨ ਵਿਚ ਆਖਰੀ ਕਿੱਲ ਠੋਕ ਦਿੱਤਾ ਹੈ। ਅਕਾਲੀ ਦਲ ਅਤੇ ਪੰਜਾਬ ਦੇ ਲੋਕ ਸਿਰਫ ਕਾਂਗਰਸ ਲਾਸ਼ ਦੀਆਂ ਅੰਤਿਮ ਰਸਮਾਂ ਵਿਚ ਭਾਗ ਲੈਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਸੀਟਾਂ 'ਤੇ ਹੂੰਝਾ-ਫੇਰ ਜਿੱਤ ਹਾਸਲ ਕਰੇਗਾ।

ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਪਿੱਛੋਂ ਪਾਰਟੀ ਵਰਕਰਾਂ ਨਾਲ ਸਾਰੇ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ, ਜਿਥੇ ਕਿ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਗਠਜੋੜ ਦੇ ਉਮੀਦਵਾਰ ਹਨ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਰਦਾਰ ਢੀਂਡਸਾ ਵਾਸਤੇ ਚੋਣ ਪ੍ਰਚਾਰ ਕਰਨ ਦਾ ਇਹ ਤੀਜਾ ਗੇੜ ਹੈ। ਸਰਦਾਰ ਬਾਦਲ ਨੇ ਸੰਗਰੂਰ ਬਾਰ ਕੌਂਸਲ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਅੰਦਰ ਆਮ ਆਦਮੀ ਨੂੰ ਦਰਪੇਸ਼ ਅਸਲੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ, ਜਿਨ੍ਹਾਂ ਤੋਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਾਣ-ਬੁੱਝ ਕੇ ਸੰਵੇਦਨਸ਼ੀਲ ਮੁੱਦਿਆਂ ਦੀਆਂ ਜਾਂਚਾਂ ਨੂੰ ਲੰਬਾ ਖਿੱਚ ਰਹੀ ਹੈ। ਬਾਦਲ ਨੇ ਕਿਹਾ ਕਿ ਖਾਲੀ ਖਜ਼ਾਨੇ ਦੀ ਰੱਟ ਕਾਂਗਰਸੀਆਂ ਵੱਲੋਂ ਆਪਣੇ ਨਿਕੰਮੇਪਣ ਅਤੇ ਲੋਕਾਂ ਲਈ ਕੰਮ ਕਰਨ ਦੀ ਇੱਛਾ-ਸ਼ਕਤੀ ਦੀ ਘਾਟ ਨੂੰ ਲੁਕੋਣ ਦਾ ਬਹਾਨਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿੱਤ ਮੰਤਰੀ ਹੁੰਦਿਆਂ ਵੀ ਮਨਪ੍ਰੀਤ ਵਿਕਾਸ ਕਾਰਜਾਂ ਅਤੇ ਸਮਾਜ-ਭਲਾਈ ਸਕੀਮਾਂ ਦੇ ਰਾਹ ਵਿਚ ਰੋੜੇ ਅਟਕਾਉਂਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਅੜਿੱਕੇ ਪਾਉਣ ਵਾਲਾ ਵਿਅਕਤੀ ਸਾਨੂੰ ਛੱਡ ਕੇ ਗਿਆ ਤਾਂ ਹੀ ਅਸੀਂ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਸਕੇ ਅਤੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਦੇ ਸਕੇ।