ਮੰਤਰੀਆਂ ਤੇ ਵਿਧਾਇਕਾਂ ਨੂੰ ਧਮਕੀ ਦੇਣਾ ਕੈਪਟਨ ਦੀ ਬੌਖਲਾਹਟ : ਮਜੀਠੀਆ

04/26/2019 12:47:38 AM

ਬਠਿੰਡਾ,(ਵਰਮਾ) : ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਬਿਕਰਮ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕਰਦਿਆਂ ਕਿਹਾ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਅਹੁਦਾ ਖੋਹਣ ਦੀ ਧਮਕੀ ਦੇਣਾ ਕੈਪਟਨ ਦੀ ਬੌਖਲਾਹਟ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਦਰਸ਼ਨ ਹੀ ਲੋਕਾਂ ਨੂੰ ਮਹਿੰਗੇ ਹੋ ਚੁੱਕੇ ਹਨ। ਪਿਛਲੇ ਢਾਈ ਸਾਲ ਤੋਂ ਉਹ ਆਪਣੇ ਮਹਿਲ ਤੋਂ ਬਾਹਰ ਨਹੀਂ ਨਿਕਲੇ। ਬਠਿੰਡਾ 'ਚ ਵੀ ਉਹ 3 ਸਾਲ ਬਾਅਦ ਸਿਰਫ ਅੱਧੇ ਘੰਟੇ ਲਈ ਆਏ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਸ ਨੂੰ ਦੇਖਦਿਆਂ ਕੈਪਟਨ ਆਪਣੇ ਉਮੀਦਵਾਰ ਦੇ ਰੋਡ ਸ਼ੋਅ ਤੋਂ ਵਾਪਸ ਪਰਤ ਗਏ ਅਤੇ ਉਨ੍ਹਾਂ ਦਾ ਰੋਡ ਸ਼ੋਅ ਵੀ ਫਲਾਪ ਰਿਹਾ। ਪੰਜਾਬ 'ਚ ਇਕ ਹਜ਼ਾਰ ਤੋਂ ਵਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਇਸ 'ਤੇ ਕਾਂਗਰਸ ਚੁੱਪੀ ਧਾਰੀ ਬੈਠੀ ਹੈ। ਲੁਧਿਆਣਾ 'ਚ ਕਸ਼ਿਸ਼ ਗਰਗ ਦੀ ਪਤਨੀ ਨੂੰ ਉਥੋਂ ਦੇ ਮੰਤਰੀਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਗਿਆ। ਇਸ ਤੋਂ ਇਲਾਵਾ ਸੂਬੇ 'ਚ ਲੁੱਟ-ਖੋਹ, ਚੋਰੀ ਤੇ ਕਤਲ ਦੀਆਂ ਘਟਨਾਵਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਪਾਦਰੀ ਐਂਥਨੀ ਤੋਂ ਪੁਲਸ ਵੱਲੋਂ ਲੁੱਟੇ ਗਏ ਸਾਢੇ 6 ਕਰੋੜ ਦਾ ਕੈਪਟਨ ਸਾਹਿਬ ਲੋਕ ਲਭਾ ਚੋਣਾਂ 'ਚ ਖਰਚ ਕਰਨਾ ਚਾਹੁੰਦੇ ਹਨ। 
ਮਜੀਠੀਆ ਨੇ ਬਠਿੰਡਾ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਕਿ ਦੋਵੇਂ ਹੀ ਗੱਪੀ ਕਿਸਮ ਦੇ ਲੋਕ ਹਨ ਜੋ ਝੂਠ ਬੋਲਣ ਵਿਚ ਮਾਹਿਰ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ 'ਚ 15 ਲੱਖ ਲੋਕ ਰਹਿੰਦੇ ਹਨ। ਕਾਂਗਰਸ ਨੂੰ ਇਕ ਵੀ ਵਧੀਆ ਆਗੂ ਨਹੀਂ ਮਿਲਿਆ। ਮਜੀਠੀਆ ਨੇ ਕਿਹਾ ਕਿ ਖਹਿਰਾ ਦਾ ਸਾਥੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਕਾਂਗਰਸ 'ਚ ਜਾਣਾ ਲਗਭਗ ਪਹਿਲਾਂ ਹੀ ਤੈਅ ਸੀ। ਹੁਣ ਖਹਿਰਾ ਵੀ ਉਸਦੇ ਪਿੱਛੇ ਹੀ ਕਾਂਗਰਸ 'ਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ 1984 ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਸਜ਼ਾ 'ਚ ਦੇਰੀ ਦਾ ਮੁੱਖ ਕਾਰਨ ਫੂਲਕਾ ਦੀ ਕਾਂਗਰਸ ਨਾਲ ਮਿਲੀਭੁਗਤ ਹੈ। ਇਨ੍ਹਾਂ ਦਾ ਮੈਚ ਲਗਭਗ ਫਿਕਸ ਹੈ, ਜਿਸ ਕਾਰਨ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਗਰਜਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਹਰ ਮਹੀਨੇ ਇਕ ਉਦਯੋਗ ਬਠਿੰਡਾ 'ਚ ਲੱਗੇਗਾ ਤੇ ਥਰਮਲ ਦੀਆਂ ਠੰਡੀਆਂ ਪਈਆਂ ਚਿਮਨੀਆਂ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਵੇਗਾ ਪਰ ਕੁਝ ਵੀ ਨਹੀਂ ਹੋਇਆ। ਸਿਰਫ ਲੋਕਾਂ ਨਾਲ ਧੋਖਾ ਹੋਇਆ।