ਕੈਪਟਨ ਸਰਕਾਰ ਦੇ ਉੱਧਮ ਸਦਕਾ ਸਰਕਾਰੀ ਸਕੂਲਾਂ ਦੀ ਹੋਈ ਕਾਇਆ-ਕਲਪ

03/16/2020 11:14:57 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਸਰਕਾਰ ਵੱਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ', ਸਰਕਾਰੀ ਸਕੂਲਾਂ ਦੀ ਬਦਲੋ ਨੁਹਾਰ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਸ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਸਰਕਾਰੀ ਸਕੂਲਾਂ ਦੇ ਨਤੀਜੇ ਵੀ ਬਿਹਤਰ ਆਉਣੇ ਸ਼ੁਰੂ ਹੋ ਗਏ ਹਨ। ਮਾਰਚ 2019 'ਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਰਹੇ। ਦਸਵੀਂ ਕਲਾਸ ਦੇ ਨਤੀਜੇ ਜਿਥੇ ਪ੍ਰਾਈਵੇਟ ਸਕੂਲਾਂ ਦੇ 85.56 ਫੀਸਦੀ ਸਨ, ਉਥੇ ਸਰਕਾਰੀ ਸਕੂਲਾਂ ਦੇ ਨਤੀਜੇ 88.21 ਫੀਸਦੀ ਸਨ। ਇਸੇ ਤਰ੍ਹਾਂ ਬਾਰ੍ਹਵੀਂ ਕਲਾਸ ਦੇ ਨਤੀਜੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਨ। ਪ੍ਰਾਈਵੇਟ ਸਕੂਲਾਂ ਦੇ ਨਤੀਜੇ 86.41 ਫੀਸਦੀ ਅਤੇ ਸਰਕਾਰੀ ਸਕੂਲਾਂ ਦੇ 88.14 ਫੀਸਦੀ ਰਹੇ।

PunjabKesari

ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਵਾਲਾ ਪੰਜਾਬ ਬਣਿਆ ਪਹਿਲਾ ਸੂਬਾ
ਸਰਕਾਰ ਵੱਲੋਂ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸਰਕਾਰੀ ਸਕੂਲਾਂ ਦੇ ਸੌ ਫੀਸਦੀ ਨਤੀਜੇ ਲਿਆਉਣ ਲਈ ਵਾਧੂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ। ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕ ਸਵੇਰ ਅਤੇ ਸ਼ਾਮ ਸਮੇਂ ਐਕਸਟਰਾ ਕਲਾਸਾਂ ਲਾਉਂਦੇ ਸਨ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਦਾਖਲੇ ਵੀ ਸ਼ੁਰੂ ਕੀਤੇ ਗਏ, ਜਿਥੇ 2 ਲੱਖ 70 ਹਜ਼ਾਰ ਬੱਚਿਆਂ ਨੇ 30 ਪ੍ਰਾਇਮਰੀ ਕਲਾਸਾਂ 'ਚ ਦਾਖਲਾ ਲਿਆ। ਪੰਜਾਬ ਪਹਿਲਾ ਸੂਬਾ ਸੀ ਜਿਥੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਅਤੇ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਰਾਹੀਂ ਵੀ ਪੜ੍ਹਾਈ ਸ਼ੁਰੂ ਕੀਤੀ ਗਈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਵਿਦਿਆਰਥੀਆਂ ਦੇ ਕਰਵਾਏ ਮੁਕਾਬਲੇ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਿਆਰ ਉੱਚਾ ਚੁੱਕਣ ਲਈ ਪ੍ਰਾਇਮਰੀ ਵਿੱਦਿਅਕ ਮੁਕਾਬਲਿਆਂ ਦੇ ਜ਼ਿਲਾ ਪੱਧਰੀ ਆਯੋਜਨ ਕੀਤੇ ਗਏ, ਜਿਸ 'ਚ ਭਾਸ਼ਣ, ਪਹਾੜੇ, ਕਵਿਤਾ, ਸੁੰਦਰ ਲਿਖਾਈ, ਚਿੱਤਰ ਕਲਾ ਅਤੇ ਆਮ ਗਿਆਨ ਦੇ ਮੁਕਾਬਲੇ ਵੀ ਕਰਵਾਏ ਗਏ। 13 ਹਜ਼ਾਰ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹੱਥ ਲਿਖਤ ਬਾਲ ਮੈਗਜ਼ੀਨਾਂ ਜਾਰੀ ਕੀਤੀਆਂ ਗਈਆਂ। ਪੰਜਾਹ ਹਜ਼ਾਰ ਦੇ ਲਗਭਗ ਮਿਹਨਤੀ ਅਧਿਆਪਕਾਂ ਨੂੰ ਸੌ ਫੀਸਦੀ ਨਤੀਜੇ ਲਿਆਉਣ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ।

5500 ਸਕੂਲਾਂ ਨੂੰ ਬਣਾਇਆ ਸਮਾਰਟ ਸਕੂਲ
ਕੈਪਟਨ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ 5500 ਦੇ ਕਰੀਬ ਸਰਕਾਰੀ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ। ਉਨ੍ਹਾਂ 'ਚ ਗ੍ਰੀਨ ਬੋਰਡ ਲਾਏ ਗਏ। 23 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਰੰਗਦਾਰ ਬੈਚ ਸਕੂਲਾਂ 'ਚ ਲਾਏ ਗਏ। ਸਕੂਲਾਂ 'ਚ ਪ੍ਰਾਜੈਕਟਰਾਂ, ਐੱਲ. ਸੀ. ਡੀ. ਅਤੇ ਹੋਰ ਮਲਟੀ ਮੀਡੀਆ ਸਾਧਨਾਂ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ।

PunjabKesari

ਵਧੀਆ ਸਿੱਖਿਆ ਦੇਣ ਲਈ 1 ਲੱਖ 12 ਹਜ਼ਾਰ ਅਧਿਆਪਕਾਂ ਨੂੰ ਦਿੱਤੀ ਗਈ ਟ੍ਰੇਨਿੰਗ
ਅਧਿਆਪਕ ਸਕੂਲਾਂ 'ਚ ਬੱਚਿਆਂ ਨੂੰ ਵਧੀਆ ਢੰਗ ਨਾਲ ਪੜ੍ਹਾਉਣ, ਇਸ ਲਈ 1 ਲੱਖ 12 ਹਜ਼ਾਰ ਅਧਿਆਪਕਾਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਸਿਖਲਾਈ ਦਿੱਤੀ ਗਈ, ਜਿਸ 'ਚ 1500 ਅਧਿਆਪਕ ਸਰੀਰਿਕ ਸਿੱਖਿਆ ਦੇ ਵੀ ਸ਼ਾਮਲ ਸਨ। ਸਿੱਧੀ ਭਰਤੀ ਰਾਹੀਂ ਪ੍ਰਿੰਸੀਪਲਾਂ ਨੂੰ ਸਕੂਲ ਦਾ ਵਧੀਆ ਪ੍ਰਬੰਧ ਚਲਾਉਣ ਲਈ ਆਈ. ਐੱਸ. ਵੀ ਮੋਹਾਲੀ ਵਿਖੇ ਸਿਖਲਾਈ ਦਿਵਾਈ ਗਈ। ਖੇਡਾਂ ਨੂੰ ਉਤਸ਼ਾਹਤ ਕਰਨ ਲਈ 2018 'ਚ ਖੇਡ ਨੀਤੀ ਵੀ ਤਿਆਰ ਕੀਤੀ ਗਈ।

ਸਕੂਲਾਂ 'ਚ ਕੀਤੀ ਗਈ ਆਨਲਾਈਨ ਸਹੂਲਤ ਸ਼ੁਰੂ
ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ 'ਚ ਆਨਲਾਈਨ ਸਹੂਲਤ ਵੀ ਉਪਲੱਬਧ ਕਰਵਾਈ ਗਈ। ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਡਾਟਾ ਈ-ਪੋਰਟਲ 'ਚ ਉਪਲੱਬਧ ਕਰਵਾਇਆ ਗਿਆ। ਅਧਿਆਪਕਾਂ ਨੂੰ ਛੁੱਟੀਆਂ ਅਪਲਾਈ ਕਰਨ ਲਈ ਆਨਲਾਈਨ ਸਹੂਲਤ ਦਿੱਤੀ ਗਈ। ਦਸਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਆਨਲਾਈਨ ਸਰਟੀਫਿਕੇਟ ਦੇਣ ਦੀ ਵੀ ਸ਼ੁਰੂਆਤ ਕੀਤੀ ਗਈ। ਅਧਿਆਪਕਾਂ ਦੀਆਂ ਬਦਲੀਆਂ ਵੀ ਆਨਲਾਈਨ ਕਰਨੀਆਂ ਸ਼ੁਰੂ ਕੀਤੀਆਂ ਗਈਆਂ।


Shyna

Content Editor

Related News