ਕੈਪਟਨ ਅਮਰਿੰਦਰ ਸਿੰਘ ਨੇ ਲਾਂਚ ਕੀਤਾ ਵੇਰਕਾ ਹਲਦੀ ਦੁੱਧ

07/31/2020 1:12:33 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਦੁਆਰਾ ਤਿਆਰ ਇੱਕ ਪੌਸ਼ਟਿਕ ਡਰਿੰਕ 'ਵੇਰਕਾ ਹਲਦੀ ਦੁਧ' ਲਾਂਚ ਕੀਤਾ ਗਿਆ । ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਵਧਾਉਣ ਦੇ ਪੱਖ ਤੋਂ ਹਲਦੀ ਦੇ ਔਸ਼ਧੀ ਗੁਣਾਂ ਨਾਲ ਭਰਪੂਰ ਇਸ ਉਤਪਾਦ ਨੂੰ ਲਾਂਚ ਕਰਨ ਦਾ ਇਹ ਢੁੱਕਵਾਂ ਸਮਾਂ ਦੱਸਦਿਆਂ ਮੁੱਖ ਮੰਤਰੀ ਨੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਜਲਦੀ ਹੀ ਖਪਤਕਾਰਾਂ ਵਿਚ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪੇਅਜਲ ਵਜੋਂ ਉਭਰੇਗਾ ਜੋ ਹੁਣ ਕੋਰੋਨਾਵਾਇਰਸ ਖ਼ਿਲਾਫ਼ ਜੰਗ ਵਿੱਚ ਤੰਦਰੁਸਤ ਰਹਿਣ ਅਤੇ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ (ਇਮਿਉਨਟੀ) ਨੂੰ ਵਧਾਉਣ ਲਈ ਬਦਲਵੇਂ ਤਰੀਕੇ ਲੱਭ ਰਹੇ ਹਨ।
ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੇਰਕਾ ਹਲਦੀ ਦੁੱਧ ਇਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬਾਇਓਤਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਵਿਕਸਤ ਅਤੇ ਪੇਟੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜ਼ਮ ਕਰਨ ਦੀ ਸ਼ਕਤੀ ਨੂੰ 10 ਗੁਣਾ ਜ਼ਿਆਦਾ ਕਰਦਾ ਹੈ। ਰੰਧਾਵਾ ਨੇ ਕਿਹਾ ਕਿ ਦੁੱਧ ਵਿਚ ਪੂਰੀ ਤਰ੍ਹਾਂ ਘੁਲਣਸ਼ੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇਕ ਸੁਚਾਰੂ ਬਣਤਰ ਦਿੱਤੀ ਹੈ। ਵੇਰਕਾ ਨੇ ਇਸ ਸੁਆਦੀ, ਸਿਹਤਮੰਦ ਅਤੇ ਇਮਿਉਨਟੀ ਨੂੰ ਵਧਾਉਣ ਵਾਲੇ ਡਰਿੰਕ ਜਿਸ ਵਿੱਚ ਕਰਕੂਮਿਨਔਡਸ ਅਤੇ ਨਾਨ-ਕਰਕੁਮਿਨੋਇਡਜ਼ ਜਿਵੇਂ ਟੂਰਮੇਰੋਨਜ਼ ਦੋਵਾਂ ਦੇ ਲਾਭ ਹਨ, ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਆਪਣੀ ਮੁਹਾਰਤ, ਗਿਆਨ ਅਤੇ ਤਜ਼ਰਬੇ ਦੀ ਵਰਤੋਂ ਕੀਤੀ ਹੈ।

ਵੇਰਕਾ ਹਲਦੀ ਦੁੱਧ ਮਿਸ਼ਨ ਫਤਿਹ ਦੇ ਹਿੱਸੇ ਵਜੋਂ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ, ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਰੰਧਾਵਾ ਨੇ ਕਿਹਾ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ 'ਤੇ ਉਪਲੱਬਧ ਹੋਵੇਗਾ। ਮਿਲਕਫੈਡ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਆਪਣੇ ਖਪਤਕਾਰਾਂ ਨੂੰ ਉਨ੍ਹਾਂ ਦੇ ਦਰ 'ਤੇ ਹੀ ਕੁਆਲਿਟੀ, ਸੁਰੱਖਿਅਤ ਅਤੇ ਸਵੱਛ ਉਤਪਾਦ ਪ੍ਰਦਾਨ ਕਰਨ ਲਈ ਕੁਝ ਮਿਸਾਲੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਮਿਲਕਫੈੱਡ ਰਾਜ ਵਿਚ ਡੇਅਰੀ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਦੁੱਧ ਦੀ ਰਿਕਾਰਡ ਮਾਤਰਾ ਖਰੀਦਣ ਅਤੇ ਪ੍ਰੋਸੈਸਿੰਗ ਲਈ ਆਪਣੀ ਮੌਜੂਦਾ ਸਮਰੱਥਾ ਤੋਂ ਪਰ੍ਹੇ ਕੰਮ ਕੀਤਾ ਹੈ।

ਕਰਫ਼ਿਊ/ਤਾਲਾਬੰਦੀ ਦੌਰਾਨ ਮਿਆਰੀ ਦੁੱਧ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਈ ਰੱਖਣ ਲਈ ਮਿਲਕਫੈਡ ਨੇ ਵੇਰਕਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਈ-ਕਾਮਰਸ (ਆਨਲਾਈਨ) ਰਾਹੀਂ ਘਰ ਪਹੁੰਚਾਉਣ ਲਈ ਸਵਿੱਗੀ, ਜਮੈਟੋ ਅਤੇ ਹੋਰ ਸਥਾਨਕ ਈ-ਕਾਮਰਸ ਫਰਮਾਂ ਨਾਲ ਮਿਲ ਕੇ ਕੰਮ ਕੀਤਾ ਹੈ। ਮਿਲਕਫੈਡ ਨੇ ਵੇਰਕਾ ਉਤਪਾਦਾਂ ਦੀ ਘਰ-ਘਰ ਜਾ ਕੇ ਸਪਲਾਈ ਦੀ ਸ਼ੁਰੂਆਤ ਵੀ ਕੀਤੀ। ਇਸ ਨੇ ਲੁਧਿਆਣਾ ਵਿਚ ਈ-ਰਿਕਸ਼ਾ ਜ਼ਰੀਏ ਗਾਹਕਾਂ ਨੂੰ ਸਿੱਧੀ ਵਿਕਰੀ ਦੀ ਸੁਵਿਧਾ ਦਿੱਤੀ, ਜਿਸ ਦੀ ਗਾਹਕਾਂ ਨੇ ਪ੍ਰਸ਼ੰਸਾ ਕੀਤੀ ਹੈ। ਇਨ੍ਹਾਂ ਯਤਨਾਂ ਅਤੇ ਖਪਤਕਾਰਾਂ ਦੀਆਂ ਬਦਲੀਆਂ ਤਰਜੀਹਾਂ ਦੇ ਕਾਰਨ, ਯੂਐਚਟੀ ਦੁੱਧ ਵਰਗੇ ਉਤਪਾਦਾਂ ਦੀ ਵਿਕਰੀ ਤਾਲਾਬੰਦੀ ਦੌਰਾਨ
ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।
 


Deepak Kumar

Content Editor

Related News