ਵਿਦੇਸ਼ 'ਚ ਬੈਠੇ ਹੀ ਸਰਕਾਰ ਚਲਾਉਣਗੇ ਕੈਪਟਨ ਅਮਰਿੰਦਰ ਸਿੰਘ

11/15/2019 9:14:29 PM

ਚੰਡੀਗੜ੍ਹ, (ਭੁੱਲਰ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਪ੍ਰੋਗਰਾਮਾਂ ਦੇ ਖਤਮ ਹੁੰਦਿਆਂ ਹੀ 15 ਦਿਨ ਲਈ ਵਿਦੇਸ਼ ਦੌਰੇ 'ਤੇ ਚਲੇ ਗਏ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਹ ਦੌਰਾ ਨਾ ਹੀ ਤਾਂ ਪੂਰੀ ਤਰ੍ਹਾਂ ਸਰਕਾਰੀ ਤੇ ਨਾ ਹੀ ਪੂਰੀ ਤਰ੍ਹਾਂ ਨਿੱਜੀ ਹੈ। ਉਨ੍ਹਾਂ ਦਾ ਇਹ ਦੌਰਾ ਅਰਧ ਸਰਕਾਰੀ ਹੈ। ਸਾਹਮਣੇ ਆਏ ਪ੍ਰੋਗਰਾਮ ਅਨੁਸਾਰ ਇਕ ਹਫ਼ਤਾ ਦਾ ਦੌਰਾ ਨਿੱਜੀ ਅਤੇ ਇਕ ਹਫ਼ਤੇ ਦਾ ਸਰਕਾਰੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 15 ਦਿਨ ਬਾਹਰ ਰਹਿਣ ਦੇ ਸਮੇਂ ਸਰਕਾਰ ਦਾ ਕੰਮ ਚਲਾਉਣ ਲਈ ਉਹ ਕਿਸੇ ਸੀਨੀਅਰ ਮੰਤਰੀ ਨੂੰ ਕਮਾਨ ਨਹੀਂ ਦੇਕੇ ਗਏ।
ਭਾਵੇਂ ਕਿ ਨਿਯਮਾਂ ਅਨੁਸਾਰ ਦੂਜੇ ਨੰਬਰ ਦਾ ਮੰਤਰੀ ਕੰਮ ਦੇਖਦਾ ਹੈ ਅਤੇ ਇਸ ਮੰਤਰੀ ਮੰਡਲ 'ਚ ਦੂਜਾ ਸਥਾਨ ਬ੍ਰਹਮ ਮਹਿੰਦਰਾ ਨੂੰ ਪ੍ਰਾਪਤ ਹੈ। ਪਰ ਮਹਿੰਦਰਾ ਨੂੰ ਮੁੱਖ ਮੰਤਰੀ ਦੀ ਗੈਰਹਾਜ਼ਰੀ 'ਚ ਉਨ੍ਹਾਂ ਦਾ ਕੰਮ ਦੇਖਣ ਲਈ ਕਿਸੇ ਤਰ੍ਹਾਂ ਦਾ ਰਸਮੀ ਆਦੇਸ਼ ਜਾਰੀ ਨਹੀਂ ਹੋਇਆ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ 'ਚ ਬੈਠਕੇ ਹੀ ਰਾਜ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਬਣਾਕੇ ਸਰਕਾਰ ਦਾ ਕੰਮਕਾਜ ਦੇਖਣਗੇ। ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਕੰਮਕਾਜ ਚਲਾਉਣ ਵਾਲੇ ਮੁੱਖ ਮੰਤਰੀ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਪਹਿਲਾਂ ਹੀ ਛੁੱਟੀ ਲੈਕੇ ਵਿਦੇਸ਼ ਗਏ ਹੋਏ ਹਨ। ਉਹ 22 ਨਵੰਬਰ ਨੂੰ ਲੰਡਨ ਵਿਖੇ ਮੁੱਖ ਮੰਤਰੀ ਦੇ ਦੌਰੇ 'ਚ ਸ਼ਾਮਿਲ ਹੋ ਜਾਣਗੇ। ਮੁੱਖ ਮੰਤਰੀ ਦੇ 15 ਦਿਨਾਂ ਦੇ ਦੌਰੇ 'ਤੇ ਵਿਦੇਸ਼ ਗਏ ਹਨ, ਜਿਸ 'ਚ ਉਹ 21 ਨਵੰਬਰ ਤੱਕ ਉਹ ਯੂਰਪੀਅਨ ਯੂਨੀਅਨ ਦੇ ਚੈਕ ਗਣਰਾਜ 'ਚ ਨਿੱਜੀ ਦੌਰੇ 'ਤੇ ਹੋਣਗੇ ਜਦਕਿ 22 ਨਵੰਬਰ ਤੋਂ 28 ਤੱਕ ਇੰਗਲੈਂਡ 'ਚ ਸਰਕਾਰੀ ਦੌਰੇ 'ਤੇ ਰਹਿਣਗੇ। 22 ਨਵੰਬਰ ਤੋਂ ਸਰਕਾਰੀ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਇਨਵੈਸਟਮੈਂਟ ਸੰਮੇਲਨ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹਾਂ 'ਚ ਲੰਡਨ ਅਤੇ ਬਿਰਮਿੰਘਮ 'ਚ ਸ਼ਾਮਿਲ ਹੋਣਗੇ। 15 ਦਿਨ ਲਗਾਤਾਰ ਮੁੱਖ ਮੰਤਰੀ ਦੇ ਬਾਹਰ ਰਹਿਣ ਕਰਨ ਪੰਜਾਬ ਦਾ ਕੰਮ ਪ੍ਰਭਾਵਿਤ ਹੋਣ ਦੀ ਵੀ ਸੰਭਾਵਨਾ ਹੈ।

KamalJeet Singh

This news is Content Editor KamalJeet Singh