ਕੋਰੋਨਾ ਮਹਾਮਾਰੀ ਦੇ ਨਾਂ ਹੇਠ ਲੋਕਾਂ ਨੂੰ ਉਲਝਾ ਰਹੀ ਕੈਪਟਨ ਸਰਕਾਰ : ਹੋਲਾਂਵਾਲੀ

08/23/2020 11:40:07 PM

ਜ਼ੀਰਾ,(ਅਕਾਲੀਆਂਵਾਲਾ)– ਇਸ ਵਿਚ ਕੋਈ ਸ਼ੱਕ ਨਹੀਂ ਕਿ ਭਿਆਨਕ ਬੀਮਾਰੀ ਕੋਰੋਨਾ ਪੂਰੇ ਜ਼ੋਰ ’ਤੇ ਹੈ ਪਰ ਇਹ ਤਾਂ ਉਸ ਸਮੇਂ ਵੀ ਹਜ਼ਾਰਾਂ ਲੋਕਾਂ ਨੂੰ ਹਰ ਰੋਜ਼ ਆਪਣੀ ਗ੍ਰਿਫਤ ’ਚ ਲੈ ਹੀ ਰਹੀ ਸੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫਤਿਹ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਸ਼ਬਦ ਸੀਨੀਅਰ ਅਕਾਲੀ ਆਗੂ ਰੀਤ ਮਹਿੰਦਰ ਸਿੰਘ ਹੋਲਾਂਵਾਲੀ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਰੇਸ਼ਮ ਸਿੰਘ ਜੌੜਾ ਅਤੇ ਕੁਲਦੀਪ ਸਿੰਘ ਸੰਧੂ ਮਨਸੂਰਵਾਲ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਵੇ। ਕੋਰੋਨਾ ਮਹਾਮਾਰੀ ਕਾਰਣ ਸਮੁੱਚਾ ਦੇਸ਼ ਬਹੁਤ ਨਾਜ਼ੁਕ ਦੌਰ ’ਚੋਂ ਗੁਜਰ ਰਿਹਾ ਹੈ।ਪੰਜਾਬ ਹੀ ਮੁਲਕ ਦਾ ਅਜਿਹਾ ਸੂਬਾ ਸੀ ਜਿਸਨੇ ਸਭ ਤੋਂ ਪਹਿਲਾਂ ਕੋਰੋਨਾ ਉੱਪਰ ਕਾਬੂ ਪਾਉਣ ਦਾ ਦਾਅਵਾ ਕਰਦਿਆਂ ‘ਮਿਸ਼ਨ ਫਤਿਹ’ ਮਨਾਉਂਦਿਆਂ ਲਾਕਡਾਊਨ ’ਚ ਵੱਡੀਆਂ ਰਾਹਤਾਂ ਦੇ ਦਿੱਤੀਆਂ ਸਨ ਅਤੇ ਹੌਲੀ-ਹੌਲੀ ਲਾਕਡਾਊਨ ਲਗਭਗ ਖਤਮ ਹੀ ਕਰ ਦਿੱਤਾ ਸੀ ਪਰ ਅਚਾਨਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਫਿਰ ਪਾਬੰਦੀਆਂ ਜੜ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਭੂਮਿਕਾ ਬਹੁਤ ਜ਼ਿਆਦਾ ਸ਼ੱਕ ਦੇ ਘੇਰੇ ’ਚ ਹੈ ਜਾਂ ਤਾਂ ਉਸ ਸਮੇਂ ‘ਮਿਸ਼ਨ ਫਤਿਹ’ ਦਾ ਐਲਾਨ ਕਰਨਾ ਜਲਦਬਾਜੀ ਸੀ ਜਾਂ ਫਿਰ ਹੁਣ ਸਰਕਾਰ ਆਪਣੇ ਖਿਲਾਫ ਉੱਠ ਰਹੇ ਲੋਕ ਘੋਲਾਂ ਅਤੇ ਲੋਕ ਰੋਹਾਂ ਨੂੰ ਦਬਾਉਣ ਲਈ ਕੋਰੋਨਾ ਮਹਾਮਾਰੀ ਦਾ ਸਹਾਰਾ ਲੈ ਰਹੀ ਹੈ। ਕੈਪਟਨ ਸਰਕਾਰ ਪੰਜਾਬ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਪਰ ਬਿਲਕੁਲ ਘਿਰ ਚੁੱਕੀ ਹੈ ਅਤੇ ਅਜੇ ਵੀ ਇਹ ਜ਼ਹਿਰ ਪੰਜਾਬ ਦੇ ਲੋਕਾਂ ਨੂੰ ਨਿਗਲ ਰਿਹਾ ਹੈ, ਜਿਸਦਾ ਪੰਜਾਬ ਸਰਕਾਰ ਕੋਈ ਹੱਲ ਨਹੀਂ ਕਰ ਰਹੀ।ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਨਾਂ ’ਤੇ ਉਲਝਾ ਰਹੀ ਹੈ, ਜਿਸ ਨੂੰ ਲੈ ਕੇ ਲੋਕਾਂ ’ਚ ਰੋਹ ਹੈ।


Bharat Thapa

Content Editor

Related News