‘ਫਿਰੋਜ਼ਪੁਰ: 193 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ,ਅਧੂਰੀਆਂ ਫ਼ਾਈਲਾਂ ਕੱਲ੍ਹ ਹੋਣਗੀਆਂ ਪੂਰੀਆਂ’

02/03/2021 4:48:51 PM

ਫਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਦੇ 33 ਵਾਰਡਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਕੁੱਲ 193 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਕਮ ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਗੁਪਤਾ ਨੇ ਦੱਸਿਆ ਕਿ ਕੁਝ ਉਮੀਦਵਾਰਾਂ ਦੀਆਂ ਫਾਈਲਾਂ ਅਧੂਰੀਆਂ ਹਨ ਅਤੇ ਉਨ੍ਹਾਂ ਉਮੀਦਵਾਰਾਂ ਨੂੰ 4 ਫਰਵਰੀ ਨੂੰ ਸਵੇਰੇ ਦੱਸ ਵਜੇ ਤਕ ਆਪਣੀਆਂ ਫਾਈਲਾਂ ਪੂਰੀਆਂ ਕਰਨ ਅਤੇ ਇਤਰਾਜ਼ ਦੂਰ ਕਰਨ ਦਾ ਸਮਾਂ ਦਿੱਤਾ ਗਿਆ ਹੈ।

ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ : ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਵਿਚ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਦਾਣਾ ਮੰਡੀ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ। ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਭਗੀਰਥ ਮੀਨਾ ਖ਼ੁਦ ਦਾਣਾ ਮੰਡੀ ’ਚ ਮੌਜੂਦ ਰਹੇ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਪੁਲਸ ਵੱਲੋਂ ਇੱਕ-ਇੱਕ ਕਰਕੇ ਉਮੀਦਵਾਰਾਂ ਨੂੰ ਲਾਈਨਾਂ ਵਿੱਚ ਅੱਗੇ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਫਾਈਲਾਂ ਜਮ੍ਹਾ ਕੀਤੀਆਂ ਗਈਆਂl ਐਸ.ਐਸ.ਪੀ. ਫਿਰੋਜ਼ਪੁਰ ਨੇ ਦਾਣਾ ਮੰਡੀ ਕੰਪਲੈਕਸ ਦੇ ਅੰਦਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਤੇ ਆਮ ਪਬਲਿਕ ਨੂੰ ਨਹੀਂ ਜਾਣ ਦਿੱਤਾ lਦਾਣਾ ਮੰਡੀ ਕੰਪਲੈਕਸ ਦੇ ਅੰਦਰ ਸਿਰਫ਼ ੳੁਮੀਦਵਾਰ ਅਤੇ ਮੀਡੀਆ ਪਰਸਨ ਮੌਜੂਦ ਸਨ। ਮੰਡੀ ਦੇ ਅੰਦਰ ਖੜ੍ਹੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਅਤੇ ਆਮ ਵਿਅਕਤੀਆਂ ਪੁਲਸ ਵੱਲੋਂ ਬਾਹਰ ਭੇਜ ਦਿੱਤਾ ਗਿਆ।

Shyna

This news is Content Editor Shyna