ਨੂਰਪੁਰ ਹਕੀਮਾਂ ਕੋਲ ਨਹਿਰ 'ਚ ਪਿਆ ਪਾੜ, 50 ਏਕੜ ਝੋਨੇ ਦੀ ਡੁੱਬੀ ਫਸਲ

06/18/2019 1:37:22 PM

ਧਰਮਕੋਟ (ਸਤੀਸ਼ )-ਪਿੰਡ ਨੂਰਪੁਰ ਹਕੀਮਾਂ ਕੋਲੋਂ ਲੰਘਦੀ ਅਲਾਈ ਵਾਲਾ ਮੇਨ ਨਹਿਰ 'ਚ ਬੀਤੀ ਰਾਤ ਪਾੜ ਪੈਣ ਕਾਰਣ ਸੈਂਕੜੇ ਏਕੜ ਖੇਤਾਂ 'ਚ ਪਾਣੀ ਜਮ੍ਹਾ ਹੋ ਗਿਆ ਅਤੇ ਫਸਲਾਂ ਦਾ ਨੁਕਸਾਨ ਹੋਇਆ। ਜਾਣਕਾਰੀ ਦੌਰਾਨ ਪਿੰਡ ਦੇ ਸਰਪੰਚ ਪਿੱਪਲ ਸਿੰਘ ਨੇ ਦੱਸਿਆ ਕਿ ਉਕਤ ਨਹਿਰ 'ਚ ਪਾੜ ਪੈਣ ਕਾਰਣ ਪੰਜਾਹ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਡੁੱਬ ਗਈ ਹੈ, ਪਾਣੀ ਹਵੇਲੀਆਂ 'ਚ ਵੀ ਦਾਖ਼ਲ ਹੋ ਗਿਆ, ਜਿਸ ਕਾਰਣ ਕਿਸਾਨਾਂ ਦੀ ਤੂੜੀ, ਹਰਾ ਚਾਰਾ ਅਤੇ ਸਬਜ਼ੀ ਦਾ ਵੀ ਕਾਫੀ ਨੁਕਸਾਨ ਹੋਇਆ। ਉਕਤ ਨਹਿਰ 'ਚ ਤਕਰੀਬਨ ਹਰ ਸਾਲ ਹੀ ਪਾੜ ਪੈਣ ਕਾਰਣ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ।

ਸਰਪੰਚ ਪਿੱਪਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨ੍ਹਾਂ ਵੱਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਧਿਆਨ 'ਚ ਲਿਆਂਦੀ ਗਈ, ਜਿਸ 'ਤੇ ਉਨ੍ਹਾਂ ਨੇ ਤੁਰੰਤ ਪ੍ਰਸ਼ਾਸਨ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ, ਜਦਕਿ ਇਸ ਸਮੇਂ ਮੌਕੇ 'ਤੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹ ਰਹੇ ਗਗਨਦੀਪ ਸਿੰਘ ਐੱਸ. ਡੀ.ਓ. ਅਤੇ ਅਮਨਦੀਪ ਸਿੰਘ ਜੇ.ਈ. ਨਹਿਰੀ ਵਿਭਾਗ ਨੇ ਦੱਸਿਆ ਕਿ ਨਹਿਰ 'ਚ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ ਅਤੇ ਉਕਤ ਪਾੜ ਨੂੰ ਪੂਰਨ ਲਈ ਰਾਹਤ ਕਾਰਜ ਚੱਲ ਰਹੇ ਹਨ ਅਤੇ ਛੇਤੀ ਹੀ ਇਸ ਪਾੜ ਨੂੰ ਪੂਰਿਆ ਜਾਵੇਗਾ।

ਇਸ ਸਮੇਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇਗਾ, ਉੱਥੇ ਹੀ ਪਿੰਡ ਵਾਸੀਆਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਹਿਰ ਦੀ ਮੁਰੰਮਤ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ। ਇਸ ਮੌਕੇ ਸੋਹਣ ਸਿੰਘ ਖੇਲਾ ਪੀ. ਏ. ਟੂ.,ਅਵਤਾਰ ਸਿੰਘ, ਜਸਵੰਤ ਸਿੰਘ, ਹਰਿੰਦਰ ਸਿੰਘ, ਗੁਰਮੁਖ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਸਤਵੀਰ ਸਿੰਘ, ਸੁੰਦਰ ਸਿੰਘ, ਕੁਲਵੰਤ ਸਿੰਘ, ਕਸ਼ਮੀਰ ਸਿੰਘ, ਸਾਬੀ ਸਿੰਘ, ਗੁਰਿੰਦਰ ਸਿੰਘ, ਮਿੱਠੂ ਸਿੰਘ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।

Shyna

This news is Content Editor Shyna