ਨਹਿਰ ਵਿਭਾਗ ਨੇ ਭਾਗਸਰ ਰਜਬਾਹੇ 'ਚ ਕੀਤੀ ਨਹਿਰੀ ਪਾਣੀ ਦੀ ਬੰਦੀ

06/17/2019 2:13:51 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਭਾਵੇਂ ਇਸ ਸਮੇਂ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਪਰ ਨਹਿਰ ਵਿਭਾਗ ਵਲੋਂ ਰਜਬਾਹਿਆਂ 'ਚ ਕੀਤੀ ਜਾ ਰਹੀ ਨਹਿਰੀ ਪਾਣੀ ਦੀ ਬੰਦੀ ਕਾਰਨ ਕਿਸਾਨ ਵਰਗ ਬੇਹੱਦ ਪਰੇਸ਼ਾਨ ਹੋ ਰਿਹਾ ਹੈ। ਇਕ ਪਾਸੇ ਪੰਜਾਬ ਸਰਕਾਰ ਅਤੇ ਸਿਆਸੀ ਆਗੂ ਇਹ ਕਹਿੰਦੇ ਨਹੀਂ ਥੱਕਦੇ ਕਿ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਕਿਧਰੇ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਦੂਜੇ ਪਾਸੇ ਕਿਸਾਨ ਨਹਿਰੀ ਪਾਣੀ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ, ਜਿਸ ਦੀ ਸਰਕਾਰਾਂ ਨੂੰ ਕੋਈ ਫਿਕਰ ਨਹੀਂ। ਜ਼ਿਕਰਯੋਗ ਹੈ ਕਿ ਨਹਿਰ ਮਹਿਕਮੇ ਨੇ ਪਿੰਡ ਝੀਂਡਵਾਲਾ ਕੋਲੋ ਨਿਕਲਦੇ ਭਾਗਸਰ ਰਜਬਾਹੇ 'ਚ ਨਹਿਰੀ ਪਾਣੀ ਦੀ ਇਕ ਹਫ਼ਤੇ ਲਈ ਬੰਦੀ ਕਰ ਦਿੱਤੀ ਹੈ, ਜਿਸ ਕਰਕੇ ਉਕਤ ਰਜਬਾਹਾ ਸੁੱਕ ਗਿਆ ਹੈ। ਨਹਿਰੀ ਪਾਣੀ ਦੀ ਲੋੜ ਹੋਣ 'ਤੇ ਪਾਣੀ ਦੀ ਬੰਦੀ ਕਰ ਦੇਣ ਕਾਰਨ ਕਿਸਾਨ ਦੁੱਖੀ ਹੋ ਰਹੇ ਹਨ। 

ਦੋ ਦਰਜਨ ਪਿੰਡਾਂ ਦੇ ਕਿਸਾਨ ਹੋਏ ਹਨ ਪ੍ਰਭਾਵਿਤ 
ਭਾਗਸਰ ਰਜਬਾਹੇ 'ਚ ਨਹਿਰੀ ਪਾਣੀ ਦੀ ਬੰਦੀ ਕਰ ਦਿੱਤੇ ਜਾਣ ਕਰਕੇ ਕਰੀਬ ਦੋ ਦਰਜਨ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ। ਉਕਤ ਰਜਬਾਹਾ ਕਰੀਬ 25 ਕਿਲੋਮੀਟਰ ਲੰਮਾ ਹੈ। ਪਿੰਡ ਝੀਂਡਵਾਲਾ, ਮਹਾਂਬੱਧਰ, ਚਿੱਬੜਾਂਵਾਲੀ, ਗੰਧੜ, ਭਾਗਸਰ, ਚੱਕ ਸ਼ੇਰੇਵਾਲਾ, ਲੱਖੇਵਾਲੀ, ਰੱਤਾਥੇੜ, ਤੰਬੂਵਾਲਾ, ਚੱਕ ਮਦਰੱਸਾ, ਨੰਦਗੜ, ਸੰਮੇਵਾਲੀ, ਪਾਕਾਂ, ਬੰਨਾਂਵਾਲੀ, ਨਕੇਰੀਆਂ, ਮਾਹੂਆਣਾ, ਟਾਹਲੀਵਾਲਾ ਤੇ ਇਸਲਾਮ ਵਾਲਾ ਆਦਿ ਪਿੰਡਾਂ ਦੀਆਂ ਜ਼ਮੀਨਾਂ ਨੂੰ ਇਸ ਰਜਬਾਹੇ ਦਾ ਪਾਣੀ ਮਿਲਦਾ ਹੈ। ਕਿਸਾਨਾਂ ਨੂੰ ਜਦੋਂ ਇਸ ਪਾਣੀ ਦੀ ਲੋੜ ਹੁੰਦੀ ਹੈ ਤਾਂ ਨਹਿਰੀ ਵਿਭਾਗ ਵਾਲੇ ਬਿਨਾਂ ਕਿਸੇ ਨੂੰ ਸੂਚਨਾ ਦਿੱਤੇ ਰਜਬਾਹੇ ਦਾ ਪਾਣੀ ਬੰਦ ਕਰਵਾ ਦਿੰਦੇ ਹਨ। 
ਕਿਸਾਨਾਂ ਨੂੰ ਮਹਿੰਗੇ ਭਾਅ ਫ਼ੂਕਣਾ ਪੈ ਰਿਹਾ ਹੈ ਡੀਜ਼ਲ 
ਨਹਿਰੀ ਪਾਣੀ ਦੀ ਬੰਦੀ ਕਾਰਨ ਕਿਸਾਨਾਂ ਨੂੰ ਮਜਬੂਰੀ ਵੱਸ ਡੀਜ਼ਲ ਇੰਜ਼ਨਾਂ 'ਤੇ ਟਿਊਬਵੈਲ ਚਲਾਉਣੇ ਪੈ ਰਹੇ ਹਨ, ਜਿਸ ਕਾਰਨ ਕਿਸਾਨਾਂ ਨੇ ਪਹਿਲਾਂ ਤੋਂ ਹੀ ਡੀਜ਼ਲ ਦੇ ਡਰੰਮ ਅਤੇ ਟੈਕੀਆਂ ਤੇਲ ਦੀਆਂ ਭਰਾ ਕੇ ਰੱਖ ਲਈਆਂ ਹਨ। ਕਈ ਕਿਸਾਨਾਂ ਨੇ ਝੋਨਾ ਲਾਉਣ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਂਦਾ ਹੋਇਆ ਹੈ, ਜੋ ਨਹਿਰੀ ਪਾਣੀ ਦੀ ਬੰਦੀ ਹੋਣ ਕਾਰਨ ਵਿਹਲੇ ਹੋ ਗਏ ਹਨ।

ਕੀ ਕਹਿਣਾ ਹੈ ਕਿਸਾਨ ਯੂਨੀਅਨ ਦਾ 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ, ਕਾਮਰੇਡ ਜਗਦੇਵ ਸਿੰਘ ਤੇ ਰਾਜਾ ਸਿੰਘ ਮਹਾਂਬੱਧਰ ਨੇ ਕਿਹਾ ਹੈ ਕਿ ਨਹਿਰ ਮਹਿਕਮੇ ਨੂੰ ਇਨ੍ਹਾਂ ਦਿਨਾਂ 'ਚ ਨਹਿਰੀ ਪਾਣੀ ਦੀ ਬੰਦੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੋਸ਼ ਲਾਇਆ ਕਿ ਨਹਿਰ ਮਹਿਕਮਾ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਿਹਾ ਹੈ, ਕਿਉਂਕਿ ਬਿਨਾਂ ਕਿਸੇ ਗੱਲ ਤੋਂ ਰਜਬਾਹਿਆਂ ਨੂੰ ਸਾਫ਼ ਕਰਨ ਦੇ ਨਾਂ 'ਤੇ ਨਹਿਰੀ ਪਾਣੀ ਦੀ ਬੰਦੀ ਕਰ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਇਕ ਹਫ਼ਤਾ ਸ੍ਰੀ ਮੁਕਤਸਰ ਸਾਹਿਬ ਰਜਬਾਹੇ 'ਚ ਨਹਿਰੀ ਪਾਣੀ ਬੰਦ ਰੱਖਿਆ, ਜਿਸ ਕਰਕੇ ਮੁਕਤਸਰ ਦਿਹਾਤੀ, ਥਾਂਦੇਵਾਲਾ, ਉਦੇਕਰਨ, ਕੋਟਲੀ, ਮੌੜ, ਅਕਾਲਗੜ੍ਹ, ਬੱਲਮਗੜ੍ਹ, ਰਾਮਗੜ੍ਹ ਚੁੰਘਾਂ, ਕੌੜਿਆਵਾਲੀ, ਮਦਰੱਸਾ, ਭਾਗਸਰ, ਰਹੂੜਿਆਂਵਾਲੀ ਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲਿਆ।  
ਸਰਕਾਰਾਂ ਸਿੱਧ ਹੋਈਆਂ ਫੇਲ 
ਜੇਕਰ ਵੇਖਿਆ ਜਾਵੇ ਤਾਂ ਖੇਤੀ ਧੰਦੇ ਨੂੰ ਪ੍ਰਫੁਲਿਤ ਕਰਨ ਲਈ ਸਰਕਾਰਾਂ ਫੇਲ ਸਿੱਧ ਹੋਈਆਂ ਹਨ, ਕਿਉਂਕਿ ਇਨ੍ਹਾਂ ਵਲੋਂ ਕਿਸਾਨਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਨੇ ਵੀ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਪੂਰਾ ਨਹੀਂ ਮਿਲ ਰਿਹਾ। ਸਾਜਿਸ਼ ਦੇ ਅਧੀਨ ਨਹਿਰੀ ਪਾਣੀ ਪਾਕਿ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਆਨ ਦੇ ਰਹੇ ਹਨ ਕਿ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਪਾਣੀ ਪਾਕਿ ਨੂੰ ਛੱਡਿਆ ਜਾ ਰਿਹਾ ਹੈ ਪਰ ਹੁਣ ਹੜ੍ਹ ਕਿੱਥੇ ਹਨ।  

rajwinder kaur

This news is Content Editor rajwinder kaur