ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਹੋਰ ਟ੍ਰੈਵਲ ਏਜੰਟ ਨੇ ਮਾਰੀ 1 ਕਰੋੜ ਤੋਂ ਵੱਧ ਦੀ ਠੱਗੀ

03/24/2022 3:49:19 PM

ਮੋਗਾ (ਜ. ਬ.) : ਜ਼ਿਲ੍ਹੇ ਦੇ ਪਿੰਡ ਰਾਜੇਆਣਾ ਵਾਸੀ ਗੁਰਵਿੰਦਰ ਸਿੰਘ ਬਰਾੜ ਨੂੰ ਪਰਿਵਾਰ ਸਮੇਤ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟ ਵੱਲੋਂ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰਕੇ 1 ਕਰੋੜ 11 ਲੱਖ 6 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੁਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਖੇਤੀਬਾੜੀ ਅਤੇ ਆੜ੍ਹਤ ਦਾ ਕਾਰੋਬਾਰ ਕਰਦਾ ਹੈ। ਉਹ 2016 ਤੇ 2017 ਵਿਚ ਕੈਨੇਡਾ ਅਤੇ 2018 'ਚ ਆਸਟ੍ਰੇਲੀਆ ਵੀ ਗਿਆ ਸੀ। ਹੁਣ ਪਰਿਵਾਰ ਸਮੇਤ ਵਿਦੇਸ਼ 'ਚ ਸੈਟਲ ਹੋਣ ਬਾਰੇ ਸੋਚਿਆ।

ਇਹ ਵੀ ਪੜ੍ਹੋ : ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਨਾਲ ਵਾਪਰਿਆ ਭਾਣਾ

ਇਸ ਦੌਰਾਨ ਉਨ੍ਹਾਂ ਕਿਸੇ ਤਰ੍ਹਾਂ ਮੈਸਰਜ਼ ਫਰੈਂਡ ਇੰਟਰਪ੍ਰਾਈਜ਼ਜ਼ ਸਮਾਲਸਰ ਨਾਲ ਸੰਪਰਕ ਕੀਤਾ, ਜਿਸ ਨੇ ਮੈਨੂੰ ਇਹ ਕਹਿ ਕੇ ਭਰੋਸੇ ਵਿਚ ਲੈ ਲਿਆ ਕਿ ਉਸ ਨੇ ਕਈਆਂ ਨੂੰ ਕੈਨੇਡਾ ਭੇਜਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਇਮੀਗ੍ਰੇਸ਼ਨ ਤੋਂ ਇਲਾਵਾ ਹਵਾਈ ਜਹਾਜ਼ ਦੀਆਂ ਟਿਕਟਾਂ, ਵਿਦੇਸ਼ਾਂ ਦੇ ਟੂਰ ਪੈਕੇਜ ਅਤੇ ਬੱਚਿਆਂ ਨੂੰ ਐਜੂਕੇਸ਼ਨ ਬੇਸ 'ਤੇ ਵਿਦੇਸ਼ ਭੇਜਣ ਦਾ ਕਾਫ਼ੀ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ, ਜਿਸ 'ਤੇ ਮੈਂ ਸਤੰਬਰ 2020 ਵਿਚ ਇਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਆਪਣੀ ਪਤਨੀ ਤੇ ਤਿੰਨਾਂ ਬੱਚਿਆਂ ਸਮੇਤ ਪੱਕੇ ਤੌਰ 'ਤੇ ਕੈਨੇਡਾ ਜਾਣਾ ਚਾਹੁੰਦਾ ਹਾਂ, ਜਿਸ 'ਤੇ ਉਸ ਨੇ ਕਿਹਾ ਕਿ ਫਾਈਲ ਤਿਆਰ ਕਰਨ ਲਈ ਉਹ ਆਪਣਾ ਪਾਸਪੋਰਟ ਸਾਡੇ ਕੋਲ ਜਮ੍ਹਾ ਕਰਵਾ ਦੇਣ। ਇਸ ਕੰਮ ਲਈ 9 ਤੋਂ 12 ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਪ੍ਰਤੀ ਵਿਅਕਤੀ 25 ਲੱਖ ਰੁਪਏ ਖਰਚਾ ਆਵੇਗਾ, ਜਿਸ 'ਤੇ ਮੈਂ ਉਸ ਨੂੰ ਆਪਣੇ ਤੇ ਆਪਣੇ ਪਰਿਵਾਰ ਦੇ ਸਾਰੇ ਦਸਤਾਵੇਜ਼ ਦੇ ਦਿੱਤੇ।

ਇਹ ਵੀ ਪੜ੍ਹੋ : ਸੰਤੋਖ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਪੰਜਾਬ ਦੀਆਂ ਮਾੜੀਆਂ ਸੜਕਾਂ ਅਤੇ ਫਲਾਈਓਵਰਾਂ ਦਾ ਮੁੱਦਾ

ਅਕਤੂਬਰ 2020 ਤੋਂ ਲੈ ਕੇ ਜੂਨ 2021 ਤੱਕ 1 ਕਰੋੜ 11 ਲੱਖ 6 ਹਜ਼ਾਰ ਰੁਪਏ ਆਪਣੇ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਤਾਰੀਖਾਂ 'ਚ ਉਸ ਕੋਲ ਜਮ੍ਹਾ ਕਰਵਾ ਦਿੱਤੇ ਅਤੇ ਬਾਕੀ 14 ਲੱਖ ਰੁਪਏ ਵੀਜ਼ਾ ਆਉਣ 'ਤੇ ਦੇਣੇ ਤੈਅ ਕੀਤੇ ਗਏ ਪਰ ਕਥਿਤ ਦੋਸ਼ੀਆਂ ਅਮਨਦੀਪ ਸਿੰਘ, ਰਿੰਕੂ, ਰੌਸ਼ਨੀ ਰਾਣੀ, ਅਮਰਜੀਤ ਕੌਰ, ਗੀਤਾ ਰਾਣੀ ਤੇ ਰਾਮ ਕੁਮਾਰ (ਸਾਰੇ ਵਾਸੀ) ਪਿੰਡ ਰਾਜੇਆਣਾ ਜੋ ਮੈਸਰਜ਼ ਫਰੈਂਡ ਇੰਟਰਪ੍ਰਾਈਜ਼ਜ਼ ਵਿਚ ਹਿੱਸੇਦਾਰ ਹਨ, ਨੇ ਕਥਿਤ ਮਿਲੀਭੁਗਤ ਕਰਕੇ ਮੇਰੇ ਨਾਲ ਧੋਖਾ ਕੀਤਾ। ਨਾ ਤਾਂ ਉਨ੍ਹਾਂ ਸਾਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਮੈਂ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਕੀਤੀ ਪਰ ਉਹ ਟਾਲਮਟੋਲ ਕਰਦੇ ਰਹੇ। ਇਨ੍ਹਾਂ ਟ੍ਰੈਵਲ ਏਜੰਟਾਂ ਨੇ ਮੇਰੇ ਨਾਲ 1 ਕਰੋੜ 11 ਲੱਖ 6 ਹਜ਼ਾਰ ਦੀ ਠੱਗੀ ਮਾਰੀ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਕਿਸਾਨ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਸ਼ਾਸਨ 'ਚ ਤਣਾਅ, ਜਾਣੋ ਵਜ੍ਹਾ

ਜ਼ਿਲਾ ਪੁਲਸ ਮੁਖੀ ਮੋਗਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਜਾਂਚ ਸਮੇਂ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ਅਤੇ ਬੈਂਕ ਤੋਂ ਰਿਕਾਰਡ ਪ੍ਰਾਪਤ ਕਰਨ ਅਤੇ ਛਾਣਬੀਣ ਤੋਂ ਬਾਅਦ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰਨ ਤੋਂ ਬਾਅਦ  ਉਪਰੋਕਤ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਬਾਘਾ ਪੁਰਾਣਾ 'ਚ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਜਾਂਚ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫ਼ਸਰ ਵੱਲੋਂ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਬਾਕੀ ਹੈ।


Harnek Seechewal

Content Editor

Related News