ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਅਵਾਰਾ ਪਸ਼ੂਆਂ ਨੂੰ ਫੜਨ ਦੀ ਕਵਾਇਦ ਸ਼ੁਰੂ

09/21/2019 11:10:35 PM

ਮਾਨਸਾ, (ਸੰਦੀਪ ਮਿੱਤਲ)— ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੇ ਕਹਿਰ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਅਵਾਰਾ ਪਸ਼ੂਆਂ ਨੂੰ ਫੜਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਹ ਮੁਹਿੰਮ ਇਸ ਵੇਲੇ ਪੂਰੇ ਸ਼ਹਿਰ ਅੰਦਰ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਮੁਹਿੰਮ ਦੇ ਅੱਜ ਪਹਿਲਾ ਪੜਾਅ 'ਚ ਸ਼ਨੀਵਾਰ ਸਵੇਰੇ ਜ਼ਿਲ੍ਹਾ ਕਚਿਹਰੀਆਂ, ਮਾਨਸਾ ਨੇੜਿਓ 35 ਤੋਂ ਜ਼ਿਆਦਾ ਅਵਾਰਾ ਪਸ਼ੂਆਂ ਨੂੰ ਫੜ ਕੇ ਮਾਨਸਾ-ਸਿਰਸਾ ਰੋਡ ਤੇ ਸਥਿਤ ਰੈੱਡ ਕਰਾਸ ਦੀ ਖਾਲੀ ਪਈ ਜ਼ਮੀਨ 'ਚ ਰੱਖਿਆ ਗਿਆ ਹੈ। ਇਸ ਮੁਹਿੰਮ ਤਹਿਤ ਅਵਾਰਾ ਪਸ਼ੂਆਂ ਨੂੰ ਫੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਉਪਰੰਤ ਇਨ੍ਹਾਂ ਫੜੇ ਗਏ ਅਵਾਰਾ ਪਸ਼ੂਆਂ ਨੂੰ ਮਾਨਸਾ ਸ਼ਹਿਰ ਦੇ ਨੇੜਲੇ ਪਿੰਡ ਖੋਖਰ ਦੀ ਗਊਸ਼ਾਲਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਕੰਮ 'ਚ ਨਗਰ ਕੌਂਸਲ ਮਾਨਸਾ ਦੇ ਕਰਮਚਾਰੀਆਂ ਦੀਆਂ  ਸੇਵਾਵਾਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਕਾਰਨ ਗਈਆਂ ਕੀਮਤੀ ਜਾਨਾਂ ਬੇਹਦ ਦੁੱਖਦਾਈ ਹਨ। ਇਸ ਸਮੱਸਿਆ ਦੇ ਸਥਾਈ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਦੇ ਪ੍ਰਬੰਧਨ ਸਬੰਧੀ ਹਰੇਕ ਸਰਕਾਰੀ ਵਿਭਾਗ ਆਪਣਾ ਯੋਗਦਾਨ ਪਾਵੇਗਾ। ਸਾਰੇ ਸਰਕਾਰੀ ਵਿਭਾਗਾਂ ਵਲੋਂ ਆਪਣੇ ਤੌਰ 'ਤੇ 50 ਹਜ਼ਾਰ ਰੁਪਏ ਇਕੱਠੇ ਕਰਕੇ ਖੋਖਰ ਗਊਸ਼ਾਲਾ ਨੂੰ ਦਾਨ ਵਜੋਂ ਦਿੱਤੇ ਜਾ ਰਹੇ ਹਨ। ਇਸ ਮਾਮਲੇ 'ਚ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਦੀ ਅਹਿਮ ਲੋੜ ਹੈ। ਉਨ੍ਹਾਂ ਵਿਸ਼ਵਾਸ ਦਿੱਤਾ ਕਿ ਬਹੁਤ ਜਲਦ ਜ਼ਿਲ੍ਹਾ ਮਾਨਸਾ ਦੇ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਪਿੰਡ ਪੱਧਰ 'ਤੇ ਵੀ ਆਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਜ਼ਿਲ੍ਹੇ ਭਰ ਦੀਆਂ ਪੰਚਾਇਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਾਰੀਆਂ ਪੰਚਾਇਤਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਇਹ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ 'ਚ ਆਵਾਰਾ ਪਸ਼ੂਆਂ ਦੀ ਸਾਂਭ ਲਈ ਗਊਸ਼ਾਲਾਵਾਂ ਲਈ ਸਥਾਨ ਮੁਕੱਰਰ ਕਰਨ ਤਾਂ ਜੋ ਪਿੰਡ ਪੱਧਰ 'ਤੇ ਵੀ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ।

KamalJeet Singh

This news is Content Editor KamalJeet Singh