ਕਿਸਾਨਾਂ ਵਲੋਂ ਬੰਧਕ ਬਣਾਏ ਜਾਣ ਤੋਂ ਬਾਲ-ਬਾਲ ਬਚੇ ਕੈਬਨਿਟ ਮੰਤਰੀ ਕਾਂਗੜ

10/03/2020 1:40:34 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪਿੰਡ ਰਾਏਸਰ ਵਿਖੇ ਪੁਲਸ ਦੀ ਹੁਸ਼ਿਆਰੀ ਨਾਲ ਕਿਸਾਨਾਂ ਵੱਲੋਂ ਬੰਧਕ ਬਣਾਏ ਜਾਣ ਤੋਂ ਬਾਲ ਬਾਲ ਬਚ ਗਏ ਪਰ ਕਿਸਾਨਾਂ ਨੇ ਕਾਂਗਰਸ ਦੀ ਮਹਿਲ ਕਲਾਂ ਤੋਂ ਸਾਬਕਾ ਐੱਮ. ਐੱਲ. ਏ. ਹਰਚੰਦ ਕੌਰ ਘਨੌਰੀ ਨੂੰ ਲਗਭਗ ਦੋ ਘੰਟੇ ਬੰਧਕ ਬਣਾਈ ਰੱਖਿਆ। ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅੱਜ ਪਿੰਡ ਰਾਏਸਰ ਵਿਖੇ ਇਕ ਪਾਰਕ ਦਾ ਉਦਘਾਟਨ ਕਰਨ ਲਈ ਆਏ ਸਨ। ਇਸਦੀ ਭਣਕ ਕਿਸਾਨਾਂ ਨੂੰ ਲੱਗ ਗਈ ਅਤੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਗੱਲ ਦਾ ਪੰਜਾਬ ਪੁਲਸ ਨੂੰ ਪਤਾ ਲੱਗਾ ਗਿਆ ਅਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਮੌਕੇ 'ਤੇ ਜਾਣ ਨਹੀਂ ਦਿੱਤਾ ਅਤੇ ਬਾਹਰੋਂ ਬਾਹਰ ਉਨ੍ਹਾਂ ਨੂੰ ਭੇਜ ਦਿੱਤਾ ਪਰ ਕਾਂਗਰਸ ਦੀ ਸਾਬਕਾ ਐੱਮ. ਐੱਲ. ਏ. ਹਰਚੰਦ ਕੌਰ ਘਨੌਰੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ।

ਇਹ ਵੀ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਸਬੰਧੀ ਇੱਕ ਹੋਰ ਵੱਡਾ ਖੁਲਾਸਾ, ਸੁਮੇਧ ਸੈਣੀ ਨੇ ਉਮਰਾ ਨੰਗਲ ਨੂੰ ਕੀਤੀ ਸੀ ਇਹ ਹਦਾਇਤ

ਇਸ ਮੌਕੇ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕਾਂਗਰਸ ਵੱਲੋਂ ਵਿਧਾਨ ਸਭਾ 'ਚ ਖੇਤੀਬਾੜੀ ਆਰਡੀਨੈਂਸ ਨੂੰ ਰੱਦ ਕਰਨ ਲਈ ਮਤਾ ਕਿਉਂ ਨਹੀਂ ਪੇਸ਼ ਕੀਤਾ ਜਾਂਦਾ। ਕਾਂਗਰਸ ਨੂੰ ਪੰਜਾਬ ਵਿਧਾਨ ਸਭਾ 'ਚ ਇਹ ਮਤਾ ਪੇਸ਼ ਕਰਨਾ ਚਾਹੀਦਾ ਹੈ। ਇਸਦੇ ਰੋਸ ਵਜੋਂ ਹੀ ਅਸੀਂ ਅੱਜ ਕਾਂਗਰਸੀ ਲੀਡਰਾਂ ਦਾ ਘਿਰਾਓ ਕੀਤਾ ਹੈ। ਘਟਨਾ ਦੀ ਸੂਚਨਾ ਮਿਲਿਆਂ ਹੀ ਐੱਸ. ਪੀ. ਚੀਮਾ ਭਾਰੀ ਪੁਲਸ ਫੋਰਸ ਲੈ ਕੇ ਮੌਕੇ 'ਤੇ ਪੁੱਜ ਗਏ। ਉਥੇ ਦੂਜੇ ਪਾਸੇ ਅੱਜ ਰੇਲਵੇ ਸਟੇਸ਼ਨ 'ਤੇ ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਹੋਰ ਵੀ ਕਈ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਗਏ।ਇਸ ਸਬੰਧੀ ਬੀਬੀ ਹਰਚੰਦ ਕੌਰ ਖਨੌਰੀ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ ਜਾਂ ਖੇਤੀ ਆਰਡੀਨੈਂਸ ਬਿੱਲਾਂ ਦੀ ਗੱਲ ਹੋਵੇ ਅਸੀਂ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ।

ਇਹ ਵੀ ਪੜ੍ਹੋ : ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਗ੍ਰਾਮ ਸਭਾਵਾਂ ਵਲੋਂ ਪਾਸ ਕੀਤੇ ਮਤੇ 'ਬ੍ਰਹਮ ਅਸਤਰ': ਭਗਵੰਤ ਮਾਨ


Shyna

Content Editor

Related News